ਦ੍ਰਿਸ਼ਯਮ ਤੇ ਰੌਕੀ ਹੈਂਡਸਮ ਦੇ ਡਾਇਰੈਕਟਰ ਦੀ ਹਾਲਤ ਗੰਭੀਰ, ਹਸਪਤਾਲ ਚ ਦਾਖ਼ਲ
ਮੁੰਬਈ — 'ਦ੍ਰਿਸ਼ਯਮ', 'ਮਦਾਰੀ' ਤੇ 'ਰੌਕੀ ਹੈਂਡਸਮ' ਵਰਗੀਆਂ ਫ਼ਿਲਮਾਂ ਬਣਾ ਚੁੱਕੇ ਡਾਇਰੈਕਟਰ ਨਿਸ਼ੀਕਾਂਤ ਕਾਮਤ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਲੀਵਰ ਸਿਰੋਸਿਸ ਦੀ ਸਮੱਸਿਆ ਹੈ। ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ੰਸਕ ਨਿਸ਼ੀਕਾਂਤ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਨਿਸ਼ੀਕਾਂਤ ਫਿਲਮਾਂ ਦੇ ਡਾਇਰੈਕਸ਼ਨ ਤੋਂ ਇਲਾਵਾ ਆਪਣੀ ਐਕਟਿੰਗ ਨਾਲ ਵੀ ਲੋਕਾਂ ਦੇ ਦਿਲਾਂ 'ਚ ਖ਼ਾਸ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਸਾਲ 2004 'ਚ ਫ਼ਿਲਮ 'ਹਵਾ ਆਨੇ ਦੇ' ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜਾਨ ਅਬਰਾਹਿਮ ਦੀ ਫ਼ਿਲਮ 'ਰੌਕੀ ਹੈਂਡਸਮ' 'ਚ ਵਿਲੇਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ 'ਚ ਡਾਇਰੈਕਟਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ। ਹਾਲ ਹੀ 'ਚ ਨਿਸ਼ੀਕਾਂਤ ਨੇ ਫ਼ਿਲਮ 'ਦ੍ਰਿਸ਼ਯਮ' ਦੇ 5 ਸਾਲ ਪੂਰੇ ਕੀਤੇ ਸਨ। ਇਸ ਫ਼ਿਲਮ 'ਚ ਅਦਾਕਾਰ ਅਜੈ ਦੇਵਗਨ, ਰਜਤ ਕਪੂਰ, ਸ਼੍ਰਿਆ ਸਰਨ ਤੇ ਤੱਬੂ ਵਰਗੇ ਕਈ ਵੱਡੇ ਸਿਤਾਰੇ ਇਕੱਠੇ ਨਜ਼ਰ ਆਏ ਸਨ।