ਧਰਤੀ ਨੂੰ ਬਚਾਉਣ ਲਈ ਕੁਝ ਨਹੀਂ ਹੋਇਆ: ਗਰੇਟਾ
ਯੁਵਾ ਵਾਤਾਵਰਨ ਕਾਰਕੁਨ ਗਰੇਟਾ ਥੁਨਬਰਗ ਨੇ ਅੱਜ ਕਿਹਾ ਕਿ ਉਸ ਨੇ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਉਦੋਂ ਤੋਂ ਦੁਨੀਆਂ ਵਿੱਚ ਬਹੁਤ ਕੁਝ ਹੋਇਆ ਹੈ ਪਰ ਅਸਲ ਵਿੱਚ ਅਜੇ ਤੱਕ ਧਰਤੀ ਨੂੰ ਬਚਾਉਣ ਲਈ ਕੁਝ ਵੀ ਨਹੀਂ ਕੀਤਾ ਗਿਆ। ਸਵੀਡਨ ਦੀ 17 ਸਾਲ ਗਰੇਟਾ ਨੇ ਇੱਥੇ ਡਬਲਿਊਈਐੱਫ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘ਇੱਕ ਤਰ੍ਹਾਂ ਲੰਘੇ ਸਾਲ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਹੋਇਆ ਹੈ। ਦੁਨੀਆਂ ਭਰ ਵਿੱਚ ਇੱਕਜੁੱਟ ਹੋਏ ਨੌਜਵਾਨਾਂ ਨੇ ਵਾਤਾਵਰਨ ਤਬਦੀਲੀ ਨੂੰ ਮੁੱਖ ਏਜੰਡੇ ਵਜੋਂ ਉਭਾਰਿਆ ਹੈ।’ ਉਸ ਨੇ ਕਿਹਾ, ‘ਲੋਕ ਹੁਣ ਵਧੇਰੇ ਜਾਗਰੂਕ ਹੋ ਗਏ ਹਨ। ਵਾਤਾਵਰਨ ਤੇ ਜਲਵਾਯੂ ਭਖਵਾਂ ਮੁੱਦਾ ਹੈ। ਪਰ ਦੂਜੇ ਪੱਖ ਤੋਂ ਦੇਖਿਆ ਜਾਵੇ ਤਾਂ ਅਜੇ ਤੱਕ ਅਸਲ ਵਿੱਚ ਕੁਝ ਨਹੀਂ ਹੋਇਆ। ਇਹ ਸਿਰਫ਼ ਸ਼ੁਰੂਆਤ ਹੈ ਅਤੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਜ਼ਰੂਰਤ ਹੈ।’ ਗਰੇਟਾ ਨੇ ਕਿਹਾ ਕਿ ਉਹ ਇਹ ਸ਼ਿਕਾਇਤ ਨਹੀਂ ਕਰ ਸਕਦੀ ਕਿ ਲੋਕ ਉਸ ਦੀ ਗੱਲ ਨਹੀਂ ਸੁਣਦੇ ਕਿਉਂਕਿ ਸਭ ਨੇ ਹਮੇਸ਼ਾ ਉਸ ਦੀ ਗੱਲ ਸੁਣੀ ਹੈ। ਗਰੇਟਾ ਨਾਲ ਇਸ ਮੀਟਿੰਗ ’ਚ ਕੁਝ ਹੋਰ ਨੌਜਵਾਨ ਕਾਰਕੁਨ ਵੀ ਸ਼ਾਮਲ ਸਨ ਜਿਨ੍ਹਾਂ ’ਚ ਸਲਵਾਡੋਰ ਤੋਂ ਗੋਮੇਜ਼ ਕੋਲੋਨ, ਜ਼ਾਂਬੀਆ ਤੋਂ ਨਤਾਸ਼ਾ ਮਵਾਸਨਾ ਸ਼ਾਮਲ ਹਨ।