ਧੂੰਏਂ ਕਾਰਨ ਹੋਏ ਸੜਕ ਹਾਦਸਿਆਂ ’ਚ 7 ਮੌਤਾਂ
ਦੋਦਾ/ਬਰਨਾਲਾ-ਦੋਦਾ ਨੇੜਲੇ ਪਿੰਡ ਬੁੱਟਰ ਸ਼ਰੀਹ ਕੋਲ ਮੁਕਤਸਰ-ਬਠਿੰਡਾ ਮੁੱਖ ਸੜਕ ’ਤੇ ਸ਼ਨਿਚਰਵਾਰ ਦੇਰ ਸ਼ਾਮ ਕਾਰ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ ’ਚ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਧਰ ਲੁਧਿਆਣਾ-ਬਰਨਾਲਾ ਸੜਕ ’ਤੇ ਸ਼ਨਿਚਰਵਾਰ ਦੇਰ ਰਾਤ ਸੇਖਾ ਚੌਕ ’ਚ ਕੈਂਟਰ ਤੇ ਇਨੋਵਾ ਦੀ ਹੋਈ ਟੱਕਰ ’ਚ ਪਿਉ-ਧੀ ਤੇ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ।
ਵੇਰਵਿਆਂ ਮੁਤਾਬਕ ਮੋਟਰਸਾਈਕਲ ਸਵਾਰ ਚਾਰ ਜਣੇ ਅਬੋਹਰ ਦੇ ਇਕ ਮੈਰਿਜ ਪੈਲਿਸ ’ਚ ਜਦ ਕੰਮ ਮੁੱਕਣ ਮਗਰੋਂ ਪਿੰਡ ਵੱਲ ਪਰਤ ਰਹੇ ਸਨ ਤਾਂ ਰਾਹ ’ਚ ਬਾਈਕ ਦਾ ਪੈਟਰੋਲ ਮੁੱਕ ਗਿਆ। ਇਸ ਤੋਂ ਬਾਅਦ ਉਹ ਪੈਦਲ ਹੀ ਮੋਟਰਸਾਈਕਲ ਲੈ ਕੇ ਸੜਕ ਕੰਢੇ ਪੈਦਲ ਤੁਰ ਪਏ। ਇਸੇ ਦੌਰਾਨ ਪਿੱਛਿਓਂ ਆ ਰਹੀ ਚੰਡੀਗੜ੍ਹ ਨੰਬਰ ਦੀ ਇਕ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਧੂੰਏਂ ਦੇ ਬਣੇ ਗੁਬਾਰ ’ਚ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਅਣਪਛਾਤੇ ਕਾਰ ਚਾਲਕ ਕਾਰ ਛੱਡ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਜਸਵਿੰਦਰ ਸਿੰਘ (16) ਵਾਸੀ ਭਲਾਈਆਣਾ, ਰਣਜੀਤ ਸਿੰਘ (18), ਗੁਰਵਿੰਦਰ ਸਿੰਘ (18) ਵਾਸੀ ਕੋਠੇ ਚੇਤ ਸਿੰਘ ਵਾਲਾ ਵਜੋਂ ਹੋਈ ਹੈ ਜਦਕਿ ਲਵਪ੍ਰੀਤ ਸਿੰਘ ਵਾਸੀ ਰੋੜੀ ਕਪੂਰਾ ਜ਼ਖ਼ਮੀ ਹੋਇਆ ਹੈ ਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ ਤੇ ਪੁਲੀਸ ਬਣਦੀ ਕਾਰਵਾਈ ਕਰ ਰਹੀ ਹੈ। ਬਰਨਾਲਾ ਵਿਚ ਵੀ ਜ਼ਿਲ੍ਹਾ ਜੇਲ੍ਹ ਲਾਗੇ ਕੌਮੀ ਮਾਰਗ ’ਤੇ ਪਰਾਲੀ ਸਾੜਨ ਕਾਰਨ ਬਣੇ ਧੂੰਏਂ ਦੇ ਗੁਬਾਰ ਕਾਰਨ ਤੜਕਸਾਰ ਕਾਰਾਂ ਤੇ ਟਰੱਕ ਦੀ ਆਪਸੀ ਟੱਕਰ ਹੋ ਗਈ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਈ ਗੱਡੀਆਂ ਨੁਕਸਾਨੀਆਂ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਧੂੰਆਂ ਐਨਾ ਸੰਘਣਾ ਹੈ ਕਿ ਸੜਕ ’ਤੇ ਕੁੱਝ ਦਿਖਾਈ ਨਹੀਂ ਸੀ ਦੇ ਰਿਹਾ। ਮੋਗਾ ਵਾਲੇ ਪਾਸਿਓਂ ਆ ਰਹੀ ਕਾਰ ਨੇ ਰਾਹ ਘੱਟ ਦਿਖਣ ਕਾਰਨ ਜਦ ਬਰੇਕ ਲਾਈ ਤਾਂ ਪਿੱਛਿਓਂ ਆ ਰਹੀਆਂ ਕਈ ਕਾਰਾਂ ਇਕ-ਦੂਜੇ ਨਾਲ ਟਕਰਾ ਗਈਆਂ। ਇਸ ਤੋਂ ਬਾਅਦ ਮਾਰਗ ’ਤੇ ਜਾਮ ਲੱਗ ਗਿਆ। ਲੁਧਿਆਣਾ-ਬਰਨਾਲਾ ਸੜਕ ’ਤੇ ਸ਼ਨਿਚਰਵਾਰ ਦੇਰ ਰਾਤ ਸੇਖਾ ਚੌਕ ’ਚ ਕੈਂਟਰ ਤੇ ਇਨੋਵਾ ਦੀ ਹੋਈ ਟੱਕਰ ’ਚ ਪਿਉ-ਧੀ ਤੇ ਮਾਂ-ਪੁੱਤ ਦੀ ਮੌਤ ਹੋ ਗਈ। ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ। ਟੱਕਰ ਐਨੀ ਭਿਆਨਕ ਸੀ ਕਿ ਇਨੋਵਾ ਦੂਸਰੇ ਪਾਸੇ ਬਣੀਆਂ ਦੁਕਾਨਾਂ ’ਚ ਜਾ ਵੱਜੀ ਅਤੇ ਕੈਂਟਰ ਸੜਕ ’ਤੇ ਉਲਟ ਗਿਆ। ਵੇਰਵਿਆਂ ਮੁਤਾਬਕ ਪਿੰਡ ਸੇਖਾ ਦਾ ਬੀਰਬਲ ਸਿੰਘ ਮਲੇਸ਼ੀਆ ਜਾ ਰਿਹਾ ਸੀ ਤੇ ਉਸ ਦੇ ਰਿਸ਼ਤੇਦਾਰ ਉਸ ਨਾਲ ਹੀ ਇਨੋਵਾ ਗੱਡੀ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ। ਕਾਰ ਜਦ ਬਰਨਾਲਾ ਦੀ ਮੁੱਖ ਸੜਕ ’ਤੇ ਸੇਖਾ ਚੌਂਕ ਕੋਲ ਪੁੱਜੀ ਤਾਂ ਲੁਧਿਆਣਾ ਵੱਲੋਂ ਆ ਰਹੇ ਕੈਂਟਰ ਨਾਲ ਇਸ ਦੀ ਟੱਕਰ ਹੋ ਗਈ। ਇਨੋਵਾ ਵਿਚ ਸਵਾਰ ਕੁਲਵਿੰਦਰ ਸਿੰਘ ਵਾਸੀ ਸੇਖਾ ਅਤੇ ਉਸ ਦੀ ਧੀ ਸਿਮਰਨਪ੍ਰੀਤ ਕੌਰ, ਬੱਬੂ ਕੌਰ ਵਾਸੀ ਪਿੰਡ ਭਲੂਰ (ਮੋਗਾ) ਅਤੇ ਉਸ ਦੇ ਸੱਤ ਮਹੀਨੇ ਦਾ ਪੁੱਤਰ ਗੁਰਨੂਰ ਸਿੰਘ ਦੀ ਮੌਤ ਹੋ ਗਈ। ਕਈ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਤੇ ਲੁਧਿਆਣਾ ਦੇ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਇਨੋਵਾ ਦੇ ਡਰਾਈਵਰ ਪ੍ਰਦੀਪ ਸਿੰਘ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।