ਨਵੀਂਆਂ 80 ਯਾਤਰੀ ਰੇਲਾਂ ਦੀਆਂ ਟਿਕਟਾਂ ਅੱਜ ਤੋਂ ਹੋਣਗੀਆਂ ਪੱਕੀਆਂ; ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ — ਯਾਤਰੀ ਅੱਜ ਤੋਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ 80 ਨਵੀਆਂ ਯਾਤਰੀ ਗੱਡੀਆਂ ਲਈ ਟਿਕਟਾਂ ਬੁੱਕ ਕਰਵਾ ਸਕਣਗੇ। ਰੇਲਵੇ ਅਨੁਸਾਰ ਇਹ ਰੇਲ ਗੱਡੀਆਂ ਪਹਿਲਾਂ ਤੋਂ ਚੱਲ ਰਹੀਆਂ 230 ਵਿਸ਼ੇਸ਼ ਟ੍ਰੇਨਾਂ ਨਾਲੋਂ ਵੱਖਰੀਆਂ ਹੋਣਗੀਆਂ ਅਤੇ ਅੱਜ ਯਾਨੀ ਕਿ 10 ਸਤੰਬਰ ਨੂੰ ਸਵੇਰੇ 10 ਵਜੇ ਤੋਂ ਇਨ੍ਹਾਂ ਰੇਲ ਗੱਡੀਆਂ ਲਈ ਰਿਜ਼ਰਵੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਯਾਤਰੀ ਟ੍ਰੇਨਾਂ ਦੀ ਕੁੱਲ ਗਿਣਤੀ ਵੀ ਵੱਧ ਕੇ 310 ਹੋ ਜਾਵੇਗੀ।
ਇਹ ਸਾਰੀਆਂ 80 ਰੇਲ ਗੱਡੀਆਂ ਪੂਰੀ ਤਰ੍ਹਾਂ ਰਾਖਵੀਆਂ ਹੋਣਗੀਆਂ, ਇਸ ਲਈ ਸਿਰਫ ਪੁਸ਼ਟੀ ਕੀਤੀ ਟਿਕਟ(ਰਿਜ਼ਰਵਡ ਟਿਕਟ) ਵਾਲੇ ਯਾਤਰੀਆਂ ਨੂੰ ਹੀ ਇਸ ਵਿਚ ਯਾਤਰਾ ਕਰਨ ਦੀ ਆਗਿਆ ਹੋਵੇਗੀ। ਉਡੀਕ ਵਾਲੀਆਂ ਟਿਕਟਾਂ(ਵੇਟਿੰਗ ਟਿਕਟ) ਵਾਲੇ ਯਾਤਰੀ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਨਹੀਂ ਕਰ ਸਕਣਗੇ। ਅਜਿਹੀ ਸਥਿਤੀ ਵਿਚ ਯਾਤਰੀਆਂ ਨੂੰ ਇਨ੍ਹਾਂ ਰੇਲ ਗੱਡੀਆਂ ਵਿਚ ਯਾਤਰਾ ਕਰਨ ਲਈ ਰਿਜ਼ਰਵੇਸ਼ਨ ਕਰਵਾਣੀ ਪਵੇਗੀ। ਤੁਸੀਂ ਆਸਾਨੀ ਨਾਲ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਤੋਂ ਟਿਕਟਾਂ ਬੁੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਰੇਲਵੇ ਰਿਜ਼ਰਵੇਸ਼ਨ ਕਾਊਂਟਰਾਂ 'ਤੇ ਜਾ ਕੇ ਵੀ ਇਨ੍ਹਾਂ ਰੇਲ ਗੱਡੀਆਂ ਲਈ ਟਿਕਟਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ।