ਨਸ਼ਿਆਂ ’ਤੇ ਕਾਬੂ ਪਾਉਣ ’ਚ ਸਮਾਂ ਲੱਗੇਗਾ: ਕੈਪਟਨ
ਦਾਖਾ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਗੁੰਝਲਦਾਰ ਹੈ, ਜਿਸ ਕਰਕੇ ਨਸ਼ਿਆਂ ਨੂੰ ਡੱਕਣ ਲਈ ਕੋਈ ਨਿਰਧਾਰਿਤ ਮਿਆਦ ਨਹੀਂ ਮਿੱਥੀ ਜਾ ਸਕਦੀ। ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਨੱਥ ਪਾਉਣ ਲਈ 1930 ਤੋਂ ਯਤਨ ਜਾਰੀ ਹਨ ਤੇ ਉਹ ਵੀ ਅੱਜ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਬਹੁਤ ਵੱਡੀ ਹੈ ਅਤੇ ਛੇ ਉੱਤਰੀ ਸੂਬੇ ਮਿਲ ਕੇ ਇਸ ਉੱਤੇ ਕਾਬੂ ਪਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਡੇ ਵੱਡੇ ਦਾਅਵਿਆਂ ਦੇ ਸਿਰ ’ਤੇ ਮੁੜ ਸੱਤਾ ਵਿੱਚ ਆਈ ਹੈ, ਪਰ ਜਦੋਂ ਇਹ ਪੂਰੇ ਨਾ ਹੋਏ ਤਾਂ ਅਖੀਰ ਨੂੰ ਦੇਸ਼ ਦੀ ਕਮਾਨ ਕਾਂਗਰਸ ਹੱਥ ਹੀ ਆਏਗੀ। ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਕੇਂਦਰ ਵਿੱਚ ਜਾਣ ਦੀ ਕੋਈ ਇੱਛਾ ਨਹੀਂ, ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਕੇ ਖ਼ੁਸ਼ ਹਨ। ਮੁੱਖ ਮੰਤਰੀ ਇਥੇ ਦਾਖਾ ਹਲਕੇ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਮੌਕੇ ਪੰਜਾਬੀ ਟ੍ਰਿਬਿਊਨ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਿਸ਼ੇਸ਼ ਗੱਲਬਾਤ ਕਰ ਰਹੇ ਸਨ।
ਸਵਾਲ: ਤੁਸੀਂ ਨਸ਼ਿਆਂ ਨੂੰ ਚਾਰ ਹਫ਼ਤਿਆਂ ਅੰਦਰ ਨੱਥ ਪਾਉਣ ਦਾ ਵਾਅਦਾ ਕੀਤਾ ਸੀ, ਹੁਣ ਤੱਕ ਕੋਈ ਵੱਡੀ ਮੱਛੀ ਹੱਥ ਨਹੀਂ ਆਈ। ਕੀ ਕਹਿਣਾ ਚਾਹੋਗੇ।
ਜਵਾਬ: ਕਾਂਗਰਸ ਸਰਕਾਰ ਆਉਣ ਮਗਰੋਂ 33,000 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਹਜ਼ਾਰ ਨੂੰ ਸਜ਼ਾਵਾਂ ਹੋ ਚੁੱਕੀਆਂ ਹਨ ਜਦੋਂਕਿ ਦਸ ਹਜ਼ਾਰ ਛੁੱਟ ਗਏ ਹਨ। ਨਸ਼ਿਆਂ ਉੱਤੇ ਕਾਬੂ ਪਾਉਣ ਲਈ ਟਾਸਕ ਫੋਰਸ ਗਠਿਤ ਕੀਤੀ ਗਈ ਸੀ। ਸ਼ੁਰੂ ਵਿੱਚ ਇਸ ਹੇਠ ਕੰਮ ਕਰਨ ਲਈ 450 ਮੁਲਾਜ਼ਮ ਸਨ, ਹੁਣ ਗਿਣਤੀ ਵਧਾ ਕੇ 600 ਕਰ ਦਿੱਤੀ ਗਈ ਹੈ। ਨਸ਼ੀਲੇ ਪਦਾਰਥ ਦੀ ਸਪਲਾਈ ਲੈਣ ਵਾਲਾ ਕੋਈ ਹੋਰ ਅਤੇ ਤਸਕਰੀ ਕਰਨ ਵਾਲਾ ਹੋਰ ਹੁੰਦਾ ਹੈ। ਸੂਬੇ ਵਿੱਚ ਕਈ ਪਾਸਿਆਂ ਤੋਂ ਨਸ਼ੀਲੇ ਪਦਾਰਥ ਆ ਰਹੇ ਹਨ। ਪਾਕਿਸਤਾਨ ਤੋਂ ਇਲਾਵਾ ਨੇਪਾਲ, ਕਾਂਡਲਾ ਬੰਦਰਗਾਹ (ਗੁਜਰਾਤ), ਦਿੱਲੀ ਅਤੇ ਕਸ਼ਮੀਰ ਵੱਲੋਂ ਵੀ ਨਸ਼ੇ ਆ ਰਹੇ ਹਨ। ਪਾਕਿਸਤਾਨ ਤੋਂ ਜੰਮੂ ਕਸ਼ਮੀਰ ਦੇ ਰਸਤੇ ਆ ਰਹੇ ਇੱਕ ਟਰੱਕ ਵਿੱਚੋਂ 650 ਕਰੋੜ ਰੁਪਏ ਦਾ ਨਸ਼ਾ ਫੜਿਆ ਗਿਆ ਹੈ ਅਤੇ ਪਤਾ ਨਹੀਂ ਹੋਰ ਅਜਿਹੇ ਕਿੰਨੇ ਟਰੱਕ ਨਿਕਲ ਗਏ ਹੋਣਗੇ। ਨਸ਼ਿਆਂ ਖਿਲਾਫ਼ ਲੰਮੀ ਲੜਾਈ ਲੜਨੀ ਪਵੇਗੀ। ਛੇ ਸੂਬਿਆਂ ਮੀਟਿੰਗ ਮਗਰੋਂ ਪੁਲੀਸ ਨੂੰ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ।