ਨਾਗਰਿਕਤਾ ਕਾਨੂੰਨ ਬੇਲੋੜਾ: ਸ਼ੇਖ ਹਸੀਨਾ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਸ਼ੇਖ ਹਸੀਨਾ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਭਾਰਤ ਦੇ ਅੰਦਰੂਨੀ ਮਾਮਲੇ ਕਰਾਰ ਦਿੱਤਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜ਼ਰੂਰੀ ਨਹੀਂ ਸੀ।
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਗਲਫ਼ ਨਿਊਜ਼ ਨੂੰ ਦਿੱਤੇ ਇੰਟਰਵਿਊ ’ਚ ਨਵੇਂ ਨਾਗਰਿਕਤਾ ਕਾਨੂੰਨ ਦਾ ਹਵਾਲਾ ਦਿੰਦਿਆਂ ਆਖਿਆ, ‘‘ਅਸੀਂ ਨਹੀਂ ਸਮਝ ਸਕਦੇ (ਭਾਰਤ ਸਰਕਾਰ ਵੱਲੋਂ) ਇਹ ਕਿਉਂ ਕੀਤਾ ਗਿਆ। ਇਹ ਜ਼ਰੂਰੀ ਨਹੀਂ ਸੀ।’’ ਪ੍ਰਧਾਨ ਮੰਤਰੀ ਹਸੀਨਾ ਦਾ ਇਹ ਬਿਆਨ ਬੰਗਲਾਦੇਸ਼ ਵਿਦੇਸ਼ ਮੰਤਰੀ ਏਕੇ ਅਬਦੁਲ ਮੋਮੇਨ ਵੱਲੋਂ ਸੀਏਏ ਅਤੇ ਐੱਨਆਰਸੀ ਸਬੰਧੀ ਦਿੱਤੇ ਬਿਆਨ ਤੋਂ ਇੱਕ ਹਫ਼ਤਾ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਉਪਰੋਕਤ ਕਾਨੂੰਨਾਂ ਨੂੰ ਭਾਰਤ ਦਾ ਅੰਦਰੂੁਨੀ ਮਾਮਲਾ ਦੱਸਦਿਆਂ ਇਹ ਕਿਹਾ ਕਿ ਸੀ ਕਿ ਇਸ ਦਾ ਗੁਆਂਢੀਆਂ ’ਤੇ ਵੀ ਪ੍ਰਭਾਵ ਪੈ ਸਕਦਾ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਜੋ ਕਿ ਯੂ.ਏ.ਈ. ਦੀ ਰਾਜਧਾਨੀ ਆਬੂਧਾਬੀ ਵਿੱਚ ਹਨ, ਨੇ ਇਹ ਵੀ ਕਿਹਾ, ‘ਭਾਰਤ ਵਿੱਚੋਂ ਵਾਪਸ ਹਿਜ਼ਰਤ ਹੋਣ ਦਾ ਕੋਈ ਰਿਕਾਰਡ ਦਰਜ ਨਹੀਂ ਹੈ। ਪਰ ਭਾਰਤ ਵਿੱਚ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜੇ ਤੱਕ ਇਹ ਅੰਦਰੂਨੀ ਮਾਮਲਾ ਹੈ।’’ ਉਨ੍ਹਾਂ ਕਿਹਾ, ਬੰਗਲਾਦੇਸ਼ ਨੇ ਇਹ ਤਵਾਜ਼ਨ ਹਮੇਸ਼ਾ ਬਣਾਈ ਰੱਖਿਆ ਹੈ ਕਿ ਸੀਏਏ ਅਤੇ ਐੱਨਆਰਸੀ ਭਾਰਤ ਦੇ ਅੰਦਰੂਨੀ ਮਾਮਲੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਅਕਤੂਬਰ 2019 ’ਚ ਦਿੱਲੀ ਦੌਰੇ ਸਮੇਂ ਨਿੱਜੀ ਤੌਰ ’ਤੇ ਵੀ ਇਹੀ ਯਕੀਨ ਦਿਵਾਇਆ ਸੀ।’’ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬੰਗਲਦੇਸ਼ ਅਤੇ ਭਾਰਤ ਵਿਚਾਲੇ ਵਿਆਪਕ ਪੱਧਰ ’ਤੇ ਵਧੀਆ ਤੇ ਸਹਿਯੋਗਾਤਮਕ ਸਬੰਧ ਹਨ।