ਨਾਗਰਿਕਤਾ ਕਾਨੂੰਨ: ਰੁਕ ਨਹੀਂ ਰਹੇ ਹਿੰਸਕ ਪ੍ਰਦਰਸ਼ਨ

ਨਾਗਰਿਕਤਾ ਕਾਨੂੰਨ: ਰੁਕ ਨਹੀਂ ਰਹੇ ਹਿੰਸਕ ਪ੍ਰਦਰਸ਼ਨ

ਪੱਛਮੀ ਬੰਗਾਲ ਤੇ ਉੱਤਰ-ਪੂਰਬ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹੋ ਰਹੇ ਰੋਸ ਮੁਜ਼ਾਹਰੇ ਤੇ ਹਿੰਸਕ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ। ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਈਂ ਵਾਹਨਾਂ ਨੂੰ ਅੱਗ ਲਾ ਦਿੱਤੀ ਅਤੇ ਸਰਕਾਰੀ ਤੇ ਨਿੱਜੀ ਵਾਹਨਾਂ ਦੀ ਭੰਨਤੋੜ ਕੀਤੀ। ਨਾਗਾਲੈਂਡ ਅੱਜ ਛੇ ਘੰਟਿਆਂ ਲਈ ਬੰਦ ਰਿਹਾ। ਉਧਰ ਅਸਾਮ ਦੇ ਡਿਬਰੂਗੜ੍ਹ ਤੇ ਗੁਹਾਟੀ ਵਿੱਚ ਅਣਮਿੱਥੇ ਕਰਫਿਊ ’ਚ ਅੱਜ ਕੁਝ ਘੰਟਿਆਂ ਦੀ ਢਿੱਲ ਦਿੱਤੀ ਗਈ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਵੀ ਲੋਕਾਂ ਨੂੰ ਕਰਫਿਊ ਤੋਂ ਥੋੜ੍ਹੀ ਰਾਹਤ ਮਿਲੀ। ਇਸ ਦੌਰਾਨ ਅਸਾਮ ਵਿੱਚ ਹਿੰਸਕ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਰਾਜ ਦੇ ਸੋਨਿਤਪੁਰ ਜ਼ਿਲ੍ਹੇ ਦੇ ਢੇਕੀਆਜੁਲੀ ਵਿੱਚ ਸ਼ੱਕੀ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਦੇਰ ਰਾਤ ਤੇਲ ਟੈਂਕਰ ਨੂੰ ਅੱਗ ਲਾ ਦਿੱਤੀ ਤੇ ਟੈਂਕਰ ਦੇ ਡਰਾਈਵਰ ਨੂੰ ਮਾਰ ਦਿੱਤਾ।
ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀਆਂ ਨੇ ਮੁਸਲਿਮ ਬਹੁਗਿਣਤੀ ਵਾਲੇ ਮੁਰਸ਼ਿਦਾਬਾਦ ਵਿੱਚ ਇਕ ਟੌਲ ਪਲਾਜ਼ਾ ਨੂੰ ਨਿਸ਼ਾਨਾ ਬਣਾਉਂਦਿਆਂ ਅੱਗ ਲਾ ਦਿੱਤੀ। ਇਸੇ ਤਰ੍ਹਾਂ ਹਾਵੜਾ ਜ਼ਿਲ੍ਹੇ ਵਿੱਚ ਹਿੰਸਾ ’ਤੇ ਉਤਾਰੂ ਹਜੂਮ ਨੇ ਸੰਕਰੇਲ ਰੇਲਵੇ ਸਟੇਸ਼ਨ ਦੇ ਇਕ ਹਿੱਸੇ ਨੂੰ ਅੱਗ ਹਵਾਲੇ ਕਰ ਦਿੱਤਾ। ਸੈਂਕੜੇ ਲੋਕਾਂ ਨੇ ਸੋਧੇ ਹੋਏ ਨਾਗਰਿਕਤਾ ਐਕਟ ਦਾ ਵਿਰੋਧ ਕਰਦਿਆਂ ਸੜਕਾਂ ਜਾਮ ਕੀਤੀਆਂ ਤੇ ਕੁਝ ਦੁਕਾਨਾਂ ਨੂੰ ਅੱਗ ਲਾ ਦਿੱਤੀ। ਹਿੰਸਾ ਕਰਕੇ ਹਾਵੜਾ ਤੇ ਸਿਆਲਦਾਹ ਸੈਕਸ਼ਨਾਂ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਭੜਕੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੌਮੀ ਹਾਈਵੇਅ ਨੰਬਰ 2 ਨੂੰ ਕੌਮੀ ਹਾਈਵੇਅ ਨੰਬਰ 6 ਨਾਲ ਜੋੜਦੇ ਕੋਨਾ ਐਕਸਪ੍ਰੈੱਸ ’ਤੇ ਨਿੱਜੀ ਵਾਹਨਾਂ ਤੇ ਸਰਕਾਰੀ ਬੱਸਾਂ ਨੂੰ ਅੱਗ ਲਾ ਦਿੱਤੀ।
ਉਧਰ ਗੁਹਾਟੀ ਵਿੱਚ ਸਕੂਲ ਤੇ ਦਫ਼ਤਰ ਅੱਜ ਵੀ ਬੰਦ ਰਹੇ। ਵਧੀਕ ਗ੍ਰਹਿ ਸਕੱਤਰ ਸੰਜੈ ਕ੍ਰਿਸ਼ਨਾ ਨੇ ਕਿਹਾ ਕਿ ਅਸਾਮ ਵਿੱਚ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਨੂੰ ਅਗਲੇ 48 ਘੰਟਿਆਂ ਲਈ 16 ਦਸੰਬਰ ਤਕ ਵਧਾ ਦਿੱਤਾ ਗਿਆ ਹੈ। ਆਲ ਅਸਾਮ ਵਿਦਿਆਰਥੀ ਯੂਨੀਅਨ, ਜੋ ਰੋਸ ਪ੍ਰਦਰਸ਼ਨਾਂ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੀ ਹੈ, ਨੇ ਅਸਮ ਜਾਤੀਅਤਾਬੜੀ ਯੁਬਾ ਛਾਤਰਾ ਪ੍ਰੀਸ਼ਦ ਤੇ 30 ਹੋਰਨਾਂ ਮੁਕਾਮੀ ਜਥੇਬੰਦੀਆਂ ਦੇ ਸਹਿਯੋਗ ਨਾਲ ਬ੍ਰਹਮਪੁਤਰਾ ਵਾਦੀ ਵਿੱਚ ਪ੍ਰਦਰਸ਼ਨ ਮੀਟਿੰਗਾਂ ਦਾ ਦੌਰ ਜਾਰੀ ਰੱਖਿਆ। ਸ਼ਿਲਾਂਗ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ’ਚ ਸੁਧਾਰ ਮਗਰੋਂ ਅੱਜ ਦਿਨ ਵੇਲੇ ਕਰਫਿਊ ’ਚ ਥੋੜ੍ਹੀ ਰਾਹਤ ਦਿੱਤੀ ਗਈ। ਮੇਘਾਲਿਆ ਸਰਕਾਰ ਨੇ ਇਨਰ ਲਾਈਨ ਪਰਮਿਟ ਪ੍ਰਬੰਧ ਨੂੰ ਸੂਬੇ ਵਿੱਚ ਲਾਗੂ ਕਰਨ ਲਈ ਅਸੈਂਬਲੀ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ। ਨਾਗਾਲੈਂਡ ਵਿੱਚ ਨਾਗਾ ਸਟੂਡੈਂਟਸ ਫੈਡਰੇਸ਼ਨ ਵੱਲੋਂ ਐਕਟ ਖ਼ਿਲਾਫ਼ ਦਿੱਤੇ ਬੰਦ ਦੇ ਸੱਦੇ ਮਗਰੋਂ ਸਕੂਲ/ਕਾਲਜ ਤੇ ਮਾਰਕੀਟਾਂ ਪੂਰੀ ਤਰ੍ਹਾਂ ਬੰਦ ਰਹੇ। ਅਸਾਮ ਦੇ ਡੀਜੀਪੀ ਭਾਸਕਰ ਜਿਓਤੀ ਮਹੰਤਾ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਹਿੰਸਕ ਰੂਪ ਧਾਰਨ ਮਗਰੋਂ ਹੁਣ ਤਕ 85 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹੰਤਾ ਨੇ ਕਿਹਾ ਕਿ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ ਤੇ ਹਿੰਸਾ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ’ਚ ਯਕੀਨ ਨਾ ਕਰਨ ਤੇ ਇਨ੍ਹਾਂ ਨੂੰ ਅੱਗੇ ਫੈਲਣ ਤੋਂ ਰੋਕਣ। 

Radio Mirchi