ਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਸਿੱਖ ਕੌਮ ਨੂੰ ਢਾਹ ਲਾਉਣ ਦਾ ਯਤਨ: ਪੁਰੇਵਾਲ

ਨਾਨਕਸ਼ਾਹੀ ਕੈਲੰਡਰ ਰੱਦ ਕਰਨਾ ਸਿੱਖ ਕੌਮ ਨੂੰ ਢਾਹ ਲਾਉਣ ਦਾ ਯਤਨ: ਪੁਰੇਵਾਲ

ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੇ ਅੱਜ ਇੱਥੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਆਖਿਆ ਕਿ ਇਸ ਕੈਲੰਡਰ ਨੂੰ ਰੱਦ ਕਰ ਕੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਢਾਹ ਲਾਉਣ ਦਾ ਯਤਨ ਕੀਤਾ ਗਿਆ ਹੈ। ਫੋਰਐਸ ਮਾਡਰਨ ਸਕੂਲ ਦੇ ਵਿਹੜੇ ਵਿਚ ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਸਿੱਖ ਜਥੇਬੰਦੀਆਂ ਵੱਲੋਂ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਸ੍ਰੀ ਪੁਰੇਵਾਲ ਨੇ ਆਪਣੇ ਬਾਰੇ ਦੱਸਿਆ ਤੇ ਕੈਲੰਡਰ ਤਿਆਰ ਕਰਨ ਲਈ ਕੀਤੀ ਘਾਲਣਾ ਤੋਂ ਜਾਣੂ ਕਰਾਇਆ। ਉਨ੍ਹਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਨਾਲ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਸੀ ਤੇ ਸਿੱਖਾਂ ਨੂੰ ਹਿੰਦੂਵਾਦ ਵਿਚ ਜਜ਼ਬ ਕਰਨ ਦੇ ਯਤਨਾਂ ਨੂੰ ਰੋਕ ਲੱਗੀ ਸੀ। ਉਨ੍ਹਾਂ ਆਖਿਆ ਕਿ 2003 ਵਿੱਚ ਸਮੁੱਚੀ ਕੌਮ ਦੀ ਮਾਨਤਾ ਨਾਲ ਲਾਗੂ ਕੀਤੇ ਗਏ ਇਸ ਕੈਲੰਡਰ ਨੂੰ ਜਨਵਰੀ 2010 ਵਿਚ ਮੁੜ ਬਿਕਰਮੀ ਕੈਲੰਡਰ ਵਿਚ ਰਲਗੱਡ ਕਰ ਕੇ ਇਸ ਦੀ ਹੋਂਦ ਖ਼ਤਮ ਕਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਰੱਦ ਕੀਤੇ ਜਾਣ ਕਾਰਨ ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿਚ ਵੱਸਦੇ ਸਿੱਖਾਂ ਵਿਚ ਰੋਸ ਹੈ ਤੇ ਇਹ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਸਬੰਧੀ ਵਧਦੇ ਦਬਾਅ ਹੇਠ ਇਕ ਵਾਰ ਮੁੜ ਸ਼੍ਰੋਮਣੀ ਕਮੇਟੀ ਨੂੰ ਇਹ ਕੈਲੰਡਰ ਲਾਗੂ ਕਰਨਾ ਪਵੇਗਾ। ਜੇ ਅਜਿਹਾ ਨਾ ਹੋਇਆ ਤਾਂ ਸ਼੍ਰੋਮਣੀ ਕਮੇਟੀ ਅਲੱਗ ਥਲੱਗ ਪੈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਿਦੇਸ਼ਾਂ ਵਿਚ 70 ਫ਼ੀਸਦੀ ਗੁਰਦੁਆਰਾ ਕਮੇਟੀਆਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਇਆ ਹੋਇਆ ਹੈ।
ਇਸ ਮੌਕੇ ਉਨ੍ਹਾਂ ਆਖਿਆ ਕਿ ਇਸ ਨੂੰ ਤਿਆਰ ਕਰਨ ਵਿਚ ਕਈ ਦਹਾਕੇ ਲੱਗੇ ਸਨ। ਉਨ੍ਹਾਂ ਇਸ ਸਬੰਧੀ ਡੂੰਘਾ ਅਧਿਐਨ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ 1964 ਤੋਂ ਪਹਿਲਾਂ ਵਧੇਰੇ ਕੈਲੰਡਰਾਂ ਵਿਚ ਸੂਰਜੀ ਸਿਧਾਂਤ ਹੀ ਮੰਨਿਆ ਜਾਂਦਾ ਸੀ, ਜੋ ਨਾਨਕਸ਼ਾਹੀ ਕੈਲੰਡਰ ਵਿਚ ਅਪਣਾਇਆ ਗਿਆ ਸੀ। 1964 ਤੋਂ ਬਾਅਦ ਇਸ ਸਿਧਾਂਤ ਵਿਚ ਤਰੁੱਟੀਆਂ ਦਸਦਿਆਂ ਇਕ ਧਰਮ ਨੇ ਇਹ ਸਿਧਾਂਤ ਛੱਡ ਦਿੱਤਾ। ਉਨ੍ਹਾਂ ਆਖਿਆ ਕਿ ਜਦੋਂ ਇਹ ਸਿਧਾਂਤ ਛੱਡਿਆ ਗਿਆ, ਉਸ ਵੇਲੇ ਹਿੰਦੂ-ਸਿੱਖਾਂ ਦਾ ਇਕ ਕੈਲੰਡਰ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਇਸ ਸਬੰਧੀ ਸਿੱਖ ਭਾਈਚਾਰੇ ਨਾਲ ਸਲਾਹ ਤਕ ਨਹੀਂ ਸੀ ਕੀਤੀ। ਉਨ੍ਹਾਂ ਕਿਹਾ ਕਿ ਵਧੇਰੇ ਧਰਮਾਂ ਦੇ ਵੱਖ-ਵੱਖ ਕੈਲੰਡਰ ਹੋਣ ਕਾਰਨ ਹੀ ਉਨ੍ਹਾਂ ਨੇ ਵੀ ਸਿੱਖ ਕੌਮ ਲਈ ਵੱਖਰਾ ਕੈਲੰਡਰ ਬਣਾਉਣ ਦਾ ਯਤਨ ਕੀਤਾ ਸੀ। ਇਸ ਵਿਚ ਵਧੇਰੇ ਗੁਰਪੁਰਬਾਂ ਤੇ ਹੋਰ ਦਿਨ ਤਿਉਹਾਰਾਂ ਦੀਆਂ ਤਰੀਕਾਂ ਪੱਕੀਆਂ ਕਰ ਦਿੱਤੀਆਂ ਸਨ ਤਾਂ ਜੋ ਸਿੱਖ ਪੀੜ੍ਹੀ ਦੇ ਬੱਚਿਆਂ ਨੂੰ ਇਹ ਤਰੀਕਾਂ ਹਮੇਸ਼ਾਂ ਯਾਦ ਰਹਿ ਸਕਣ।
ਉਨ੍ਹਾਂ ਕੈਲੰਡਰ ਰੱਦ ਕਰਨ ਵਾਲੇ ਸਿੱਖ ਆਗੂਆਂ ਵਲੋਂ ਲਾਏ ਦੋਸ਼ ਨਕਾਰਦਿਆਂ ਆਖਿਆ ਕਿ ਉਨ੍ਹਾਂ ’ਤੇ ਕਮਿਊਨਿਸਟ ਹੋਣ ਦਾ ਲਾਇਆ ਦੋਸ਼ ਬੇਬੁਨਿਆਦ ਹੈ। ਉਨ੍ਹਾਂ ਆਖਿਆ ਕਿ ਕੈਲੰਡਰ ਰੱਦ ਕਰਨ ਲਈ ਨਾ ਸਿਰਫ਼ ਉਨ੍ਹਾਂ ਖ਼ਿਲਾਫ਼ ਸਗੋਂ ਕੈਲੰਡਰ ਬਾਰੇ ਵੀ ਬੇਲੋੜੀਆਂ ਸ਼ੰਕਾਵਾਂ ਪੈਦਾ ਕੀਤੀਆਂ ਗਈਆਂ ਸਨ।

Radio Mirchi