ਨਾਮਧਾਰੀ ਸੰਪਰਦਾ ਖ਼ਿਲਾਫ਼ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੇਸ
ਨਾਮਧਾਰੀ ਸੰਪਰਦਾ ਵੱਲੋਂ ਛਾਪੇ ਗਏ ਗੁਰਬਾਣੀ ਦੇ ਗੁਟਕੇ ‘ਨਾਮਧਾਰੀ ਨਿਤਨੇਮ’ ਅਤੇ ਹੋਰ ਧਾਰਮਿਕ ਪੁਸਤਕਾਂ ਵਿਚ ਗ਼ਲਤ ਤੱਥ ਦਿੱਤੇ ਜਾਣ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿਚ ਕੇਸ ਦਾਇਰ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਮਾਰਚ ਨੂੰ ਰੱਖੀ ਗਈ ਹੈ।
ਸ੍ਰੀ ਸਿਰਸਾ ਨੇ ਇਹ ਕੇਸ ਆਪਣੇ ਵਕੀਲ ਐੱਮਐੱਸ ਰੰਧਾਵਾ ਰਾਹੀਂ ਅੱਜ ਜੁਡੀਸ਼ਲ ਕਮਿਸ਼ਨ ਵਿਚ ਸਿੱਖ ਗੁਰਦੁਆਰਾ ਐਕਟ 1925 ਦੀ ਧਾਰਾ 142 ਹੇਠ ਦਾਇਰ ਕੀਤਾ ਹੈ, ਜਿਸ ਨੂੰ ਕਮਿਸ਼ਨ ਦੇ ਜੱਜਾਂ ਨੇ ਸੁਣਵਾਈ ਲਈ ਪ੍ਰਵਾਨਗੀ ਦਿੱਤੀ ਹੈ। ਇਸ ਸਬੰਧੀ ਅਗਲੀ ਤਰੀਕ 5 ਮਾਰਚ ਤੈਅ ਕੀਤੀ ਗਈ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਭੇਜਿਆ ਗਿਆ ਹੈ। ਪਟੀਸ਼ਨਕਰਤਾ ਨੇ ਇਸ ਕੇਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਧਿਰ ਬਣਾਇਆ ਹੈ, ਜਿਨ੍ਹਾਂ ਦੇ ਕੰਮਕਾਜ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਹੈ। ਇਸ ਪਟੀਸ਼ਨ ਬਾਰੇ ਸ੍ਰੀ ਸਿਰਸਾ ਨੇ ਦੱਸਿਆ ਕਿ ਨਾਮਧਾਰੀ ਸੰਪਰਦਾ ਵੱਲੋਂ ਗੁਰਬਾਣੀ ਦੇ ਗੁਟਕੇ ਅਤੇ ਹੋਰ ਧਾਰਮਿਕ ਸਾਹਿਤ ਪ੍ਰਕਾਸ਼ਿਤ ਕਰਾਇਆ ਗਿਆ ਹੈ, ਜਿਸ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਆਪਣੇ ਮੁਤਾਬਕ ਅਰਥ ਕੱਢੇ ਗਏ ਹਨ। ਗੁਟਕਿਆਂ ਵਿਚ ਸੌ ਪੰਨਿਆਂ ਦੀ ਭੂਮਿਕਾ ਲਿਖੀ ਗਈ ਹੈ, ਜੋ ਇਤਰਾਜ਼ਯੋਗ ਹੈ। ਇਸੇ ਤਰ੍ਹਾਂ ਦੇਹਧਾਰੀ ਗੁਰੂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਇਤਿਹਾਸ ਖੋਜ ਬੋਰਡ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪੜਤਾਲ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਨੇ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ ’ਤੇ ਸ੍ਰੀ ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਇਸ ਮਾਮਲੇ ਵਿਚ ਨਾਮਧਾਰੀ ਸੰਪਰਦਾ ਖ਼ਿਲਾਫ਼ ਕਾਰਵਾਈ ਕਰੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਵੱਲੋਂ ਆਦੇਸ਼ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਪਹਿਲਾਂ ਚਿਤਾਵਨੀ ਪੱਤਰ ਦਿੱਤਾ ਗਿਆ ਸੀ। ਮਗਰੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਨੂੰਨੀ ਨੋਟਿਸ ਦੀ ਮਿਆਦ ਖਤਮ ਹੋਣ ਮਗਰੋਂ ਅੱਜ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਵਿਚ ਕੇਸ ਦਾਇਰ ਕੀਤੀ ਗਈ ਹੈ। ਇਸ ਮੌਕੇ ਅਜੀਤ ਸਿੰਘ ਬਾਠ, ਬਾਬਾ ਪ੍ਰਕਾਸ਼ ਸਿੰਘ, ਜਲਵਿੰਦਰ ਸਿੰਘ, ਜਥੇਦਾਰ ਸੂਰਤ ਸਿੰਘ ਹਾਜ਼ਰ ਸਨ।