ਨਿਰਭਯਾ ਕੇਸ: ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ
ਦਿੱਲੀ ਦੀ ਅਦਾਲਤ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲ ਕੇਸ ਦੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੇ ਅਮਲ ਸਬੰਧੀ ਸ਼ੁੱਕਰਵਾਰ ਤਕ ਸੰਪੂਰਨ ਰਿਪੋਰਟ ਦਾਖ਼ਲ ਕਰਨ ਲਈ ਆਖਿਆ ਹੈ। ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਇਹ ਹੁਕਮ ਜੇਲ੍ਹ ਪ੍ਰਸ਼ਾਸਨ ਦੀ ਉਸ ਦਲੀਲ ਮਗਰੋਂ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਸੀ ਕਿ ਮੁਜਰਮਾਂ ਕੋਲ ਉਪਲੱਬਧ ਵਿਕਲਪਾਂ ਦੇ ਮੱਦੇਨਜ਼ਰ ਉਨ੍ਹਾਂ ਦਿੱਲੀ ਸਰਕਾਰ ਨੂੰ ਇਸ ਸਬੰਧੀ ਲਿਖਿਆ ਹੈ।
ਅਦਾਲਤ ਨੇ ਉਪਰੋਕਤ ਹੁਕਮ ਨਿਰਭਯਾ ਕੇਸ ਦੇ ਚਾਰ ਮੁਜਰਮਾਂ ’ਚੋਂ ਇਕ ਮੁਕੇਸ਼ ਕੁਮਾਰ ਸਿੰਘ ਵੱਲੋਂ ਦਾਇਰ ਉਸ ਪਟੀਸ਼ਨ ’ਤੇ ਸੁਣਾਏ ਹਨ, ਜਿਸ ਵਿੱਚ ਮੁਕੇਸ਼ ਨੇ ਆਪਣੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਬਕਾਇਆ ਹੋਣ ਦਾ ਹਵਾਲਾ ਦਿੰਦਿਆਂ ਫ਼ਾਂਸੀ ਦੀ ਤਰੀਕ ਨੂੰ ਅੱਗੇ ਪਾਉਣ ਦੀ ਮੰਗ ਕੀਤੀ ਸੀ। ਮੁਕੇਸ਼ ਵੱਲੋਂ ਪੇਸ਼ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਰਹਿਮ ਦੀ ਅਪੀਲ ਬਕਾਇਆ ਹੋਣ ਕਰਕੇ ਮੌਤ ਦੇ ਵਾਰੰਟਾਂ ’ਤੇ ਅਮਲ ਨੂੰ ਅੱਗੇ ਪਾਉਣਾ ਜ਼ਰੂਰੀ ਹੋ ਗਿਆ ਹੈ।