ਨਿਰਭਯਾ ਕੇਸ: ਮੌਤ ਦੇ ਵਾਰੰਟ ਖ਼ਿਲਾਫ਼ ਅਰਜ਼ੀ ਹਾਈ ਕੋਰਟ ਵੱਲੋਂ ਰੱਦ

ਨਿਰਭਯਾ ਕੇਸ: ਮੌਤ ਦੇ ਵਾਰੰਟ ਖ਼ਿਲਾਫ਼ ਅਰਜ਼ੀ ਹਾਈ ਕੋਰਟ ਵੱਲੋਂ ਰੱਦ

ਦਿੱਲੀ ਹਾਈ ਕੋਰਟ ਨੇ ਨਿਰਭਯਾ ਕਾਂਡ ਦੇ ਇਕ ਦੋਸ਼ੀ ਵੱਲੋਂ ਮੌਤ ਦੇ ਵਾਰੰਟ ਖ਼ਿਲਾਫ਼ ਪਾਈ ਗਈ ਅਰਜ਼ੀ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸੈਸ਼ਨ ਅਦਾਲਤ ’ਚ ਚੁਣੌਤੀ ਦੀ ਖੁੱਲ੍ਹ ਦੇ ਦਿੱਤੀ। ਜਸਟਿਸ ਮਨਮੋਹਨ ਅਤੇ ਸੰਗੀਤਾ ਢੀਂਗਰਾ ਸਹਿਗਲ ਦੇ ਬੈਂਚ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਦੋਸ਼ੀ ਮੁਕੇਸ਼ ਕੁਮਾਰ ਸਿੰਘ ਖ਼ਿਲਾਫ਼ 7 ਜਨਵਰੀ ਨੂੰ ਜਾਰੀ ਕੀਤੇ ਗਏ ਮੌਤ ਦੇ ਵਾਰੰਟ ’ਚ ਕੋਈ ਖਾਮੀ ਨਹੀਂ ਹੈ। ਮੁਕੇਸ਼ ਦੇ ਵਕੀਲਾਂ ਨੇ ਕਿਹਾ ਕਿ ਉਹ ਮੌਤ ਦੇ ਵਾਰੰਟ ਖ਼ਿਲਾਫ਼ ਸੈਸ਼ਨ ਅਦਾਲਤ ’ਚ ਅਪੀਲ ਦਾਖ਼ਲ ਕਰਨਗੇ।
ਉਧਰ ਸੁਣਵਾਈ ਦੌਰਾਨ ਦਿੱਲੀ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਨੇ ਹਾਈ ਕੋਰਟ ਨੂੰ ਦੱਸਿਆ ਕਿ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕੇਗੀ ਕਿਉਂਕਿ ਚਾਰ ਦੋਸ਼ੀਆਂ ’ਚੋਂ ਇਕ ਨੇ ਰਹਿਮ ਦੀ ਅਪੀਲ ਦਾਖ਼ਲ ਕੀਤੀ ਹੈ ਅਤੇ ਉਨ੍ਹਾਂ ਨੂੰ ਫ਼ੈਸਲੇ ਦੀ ਉਡੀਕ ਕਰਨੀ ਪਵੇਗੀ। ਜੇਲ੍ਹ ਅਧਿਕਾਰੀਆਂ ਦੇ ਬਿਆਨ ਮਗਰੋਂ ਅਦਾਲਤ ਨੇ ਕਿਹਾ,‘‘ਆਪਣਾ ਪ੍ਰਬੰਧ ਸੁਧਾਰੋ। ਤੁਹਾਡਾ ਪ੍ਰਬੰਧ ਸਹੀ ਨਹੀਂ ਹੈ। ਸਮੱਸਿਆ ਇਹ ਹੈ ਕਿ ਲੋਕ ਵਿਵਸਥਾ ’ਤੋਂ ਭਰੋਸਾ ਗੁਆ ਲੈਣਗੇ। ਹਾਲਾਤ ਸਹੀ ਦਿਸ਼ਾ ਵੱਲ ਨਹੀਂ ਵੱਧ ਰਹੇ ਹਨ। ਪ੍ਰਬੰਧ ਦੀ ਦੁਰਵਰਤੋਂ ਹੋਣ ਦੀ ਗੁੰਜਾਇਸ਼ ਹੈ ਅਤੇ ਅਸੀਂ ਇਸ ਬਾਬਤ ਸਾਜ਼ਿਸ਼ ਹੁੰਦੀ ਦੇਖ ਰਹੇ ਹਾਂ ਜਿਸ ਤੋਂ ਪ੍ਰਬੰਧ ਅਣਜਾਣ ਹੈ।’’
ਦਿੱਲੀ ਸਰਕਾਰ ਦੇ ਵਕੀਲ ਰਾਹੁਲ ਮਹਿਰਾ ਨੇ ਬੈਂਚ ਨੂੰ ਦੱਸਿਆ ਕਿ ਮੁਕੇਸ਼ ਨੇ ਰਹਿਮ ਦੀ ਅਪੀਲ ਦਾਖ਼ਲ ਕੀਤੀ ਹੈ ਅਤੇ ਨੇਮਾਂ ਮੁਤਾਬਕ ਉਨ੍ਹਾਂ ਨੂੰ ਬਾਕੀ ਤਿੰਨ ਹੋਰ ਦੋਸ਼ੀਆਂ ਵੱਲੋਂ ਅਜਿਹੀ ਅਰਜ਼ੀ ਦਾਖ਼ਲ ਕਰਨ ਦੀ ਉਡੀਕ ਕਰਨੀ ਪਵੇਗੀ। ਇਸ ’ਤੇ ਬੈਂਚ ਨੇ ਕਿਹਾ,‘‘ਤਾਂ ਫਿਰ ਤੁਹਾਡਾ ਨਿਯਮ ਹੀ ਖ਼ਰਾਬ ਹੈ, ਜੇਕਰ ਤੁਸੀਂ ਉਸ ਸਮੇਂ ਤੱਕ ਕਾਰਵਾਈ ਨਹੀਂ ਕਰ ਸਕਦੇ ਜਤੋਂ ਤੱਕ ਸਹਿ-ਦੋਸ਼ੀ ਰਹਿਮ ਦੀ ਪਟੀਸ਼ਨ ਦਾਖ਼ਲ ਨਹੀਂ ਕਰ ਦਿੰਦੇ। ਕੋਈ ਦਿਮਾਗ ਹੀ ਨਹੀਂ ਲਗਾਇਆ ਗਿਆ ਹੈ। ਪ੍ਰਬੰਧ ਕੈਂਸਰ ਤੋਂ ਪੀੜਤ ਹੈ।’’
ਜੇਲ੍ਹ ਅਧਿਕਾਰੀਆਂ ਦੀ ਖਿਚਾਈ ਦੇ ਨਾਲ ਹੀ ਹਾਈ ਕੋਰਟ ਨੇ ਚਾਰੇ ਦੋਸ਼ੀਆਂ ਦੀ ਮੌਤ ਦੀ ਸਜ਼ਾ ਸੁਣਾਏ ਜਾਣ ਖ਼ਿਲਾਫ਼ ਉਨ੍ਹਾਂ ਦੀਆਂ ਅਪੀਲਾਂ ਨੂੰ ਸੁਪਰੀਮ ਕੋਰਟ ਵੱਲੋਂ ਮਈ 2017 ’ਚ ਖਾਰਜ ਕੀਤੇ ਜਾਣ ਬਾਅਦ ਮੁਕੇਸ਼ ਦੀ ਕਿਊਰੇਟਿਵ ਅਤੇ ਰਹਿਮ ਪਟੀਸ਼ਨਾਂ ਨੂੰ ਦਾਖ਼ਲ ਕੀਤੇ ਜਾਣ ’ਚ ਦੇਰੀ ’ਤੇ ਵੀ ਨਿਰਾਸ਼ਾ ਜਤਾਈ। ਬੈਂਚ ਨੇ ਜੇਲ੍ਹ ਅਧਿਕਾਰੀਆਂ ਨਾਲ ਇਸ ਗੱਲ ਲਈ ਵੀ ਨਾਰਾਜ਼ਗੀ ਜਤਾਈ ਕਿ ਉਨ੍ਹਾਂ ਦੋਸ਼ੀਆਂ ਨੂੰ ਰਹਿਮ ਪਟੀਸ਼ਨਾਂ ਦਾਖ਼ਲ ਕਰਨ ਲਈ ਆਖੇ ਜਾਣ ’ਚ ਵੀ ਦੇਰੀ ਕੀਤੀ।

Radio Mirchi