ਨਿਹੰਗ ਸਿੰਘ ਨੇ ਥਾਣੇਦਾਰ ਦਾ ਗੁੱਟ ਵੱਢਿਆ
ਅੱਜ ਇਥੇ ਸਬਜ਼ੀ ਮੰਡੀ ਵਿੱਚ ਚਾਰ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇੱੱਕ ਏਐੱਸਆਈ ਦਾ ਗੁੱਟ ਹੀ ਬਾਂਹ ਨਾਲੋਂ ਵੱਖ ਕਰ ਦਿੱਤਾ। ਜਦਕਿ ਘਟਨਾ ’ਚ ਇੱਕ ਇੰਸਪੈਕਟਰ ਤੇ ਇੱਕ ਹੋਰ ਥਾਣੇਦਾਰ ਵੀ ਜ਼ਖ਼ਮੀ ਹੋ ਗਏ। ਇਸ ਮਗਰੋਂ ਪਿੰਡ ਬਲਬੇੜਾ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਵਿਚਲੀ ਠਹਿਰ ਵਿਚੋਂ ਪੁਲੀਸ ਨੇ ਚਾਰ ਘੰਟਿਆਂ ਦੀ ਮੁਸ਼ੱਕਤ ਤੇ ਮੁੱਠਭੇੜ ਮਗਰੋਂ ਇੱਕ ਮਹਿਲਾ ਤੇ ਦਸ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੌਰਾਨ 39 ਲੱਖ ਨਗਦੀ, ਤਿੰਨ ਪਿਸਤੌਲ, ਦੋ ਪੈਟਰੋਲ ਬੰਬਾਂ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਬਰਾਮਦ ਕੀਤੀਆਂ ਹਨ। ਗ੍ਰਿਫ਼ਤਾਰੀ ਮੌਕੇ ਦੋ ਸੌ ਪੁਲੀਸ ਮੁਲਾਜ਼ਮਾਂ ਸਮੇਤ ਸਪੈਸ਼ਲ ਅਪਰੇਸ਼ਨ ਗਰੁੱਪ ਦੇ 50 ਕਮਾਂਡੋ ਵੀ ਮੌਜੂਦ ਸਨ। ਗ੍ਰਿਫ਼ਤਾਰੀ ਮੌਕੇ ਤਲਵਾਰਾਂ ਅਤੇ ਨੇਜ਼ਿਆਂ ਨਾਲ ਕੀਤੇ ਹਮਲੇ ਦੌਰਾਨ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੇ ਹੱਥ ’ਤੇ ਸੱਟ ਵੱਜੀ ਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਸਮੇਤ ਕੁਝ ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਗੁੱਟ ਵੱਢਣ ਵਾਲਾ ਨਿਹੰਗ ਨਿਰਭੈ ਸਿੰਘ ਵੀ ਪੱਟ ਅਤੇ ਛਾਤੀ ’ਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ’ਚ ਡੇਰਾ ਮੁਖੀ ਬਲਵਿੰਦਰ ਸਿੰਘ ਕਰਹਾਲੀ, ਨਿਰਭੈ ਸਿੰਘ, ਬੰਤ ਸਿੰਘ ਕਾਲਾ, ਜਗਮੀਤ ਸਿੰਘ ਅਮਰਗੜ੍ਹ, ਗੁਰਦੀਪ ਸਿੰਘ ਸਮਾਣਾ, ਨੰਨਾ, ਜੰਗੀਰ ਸਿੰਘ ਪ੍ਰਤਾਪਗੜ੍ਹ, ਮਨਿੰਦਰ ਸਿੰਘ ਮਹਿਮੂਦਪੁਰ, ਜਸਵੰਤ ਸਿੰਘ ਚਮਾਰੂ, ਦਰਸ਼ਨ ਸਿੰਘ ਧੀਰੂ ਕੀ ਮਾਜਰੀ ਸਮੇਤ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ। ਥਾਣਾ ਸਦਰ ਪਟਿਆਲਾ ਅਤੇ ਪਸਿਆਣਾ ਵਿਖੇ ਦੋ ਕੇਸ ਦਰਜ ਕੀਤੇ ਗਏ ਹਨ।
ਆਈਜੀ ਨੇ ਦੱਸਿਆ ਕਿ ਪੁਲੀਸ ਪਾਰਟੀ ਜਦੋਂ ਪਟਿਆਲਾ ਸ਼ਹਿਰ ਦੇ ਬਾਹਰ ਵਾਰ ਸਬਜ਼ੀ ਮੰਡੀ ਵਿੱਚ ਤਾਇਨਾਤ ਸੀ, ਤਾਂ ਨਿਹੰਗ ਸਿੰਘਾਂ ਨੇ ਗੱਡੀ ਬੈਰੀਕੇਡਾਂ ’ਚ ਮਾਰ ਦਿੱਤੀ। ਰੋਕਣ ਦੀ ਕੋਸ਼ਿਸ਼ ਕਰਨ ’ਤੇ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਇੱਕ ਨਿਹੰਗ ਨੇ ਏਐੱਸਆਈ ਹਰਜੀਤ ਸਿੰਘ ਗਿੱਲ ਦਾ ਗੁੱਟ ਵੱਢ ਦਿੱਤਾ ਅਤੇ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਅਤੇ ਥਾਣੇਦਾਰ ਰਾਜ ਸਿੰਘ ਸਮੇਤ ਆਕਸ਼ਨ ਰਿਕਾਰਡਰ ਯਾਦਵਿੰਦਰ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ। ਹਰਜੀਤ ਸਿੰਘ ਪੀਜੀਆਈ ਤੇ ਬਾਕੀ ਪਟਿਆਲਾ ’ਚ ਦਾਖਲ ਹਨ।
ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਮਰਿਆਦਾ ਬਹਾਲ ਰੱਖੀ ਅਤੇ ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖ ਭਾਲ ਦਾ ਜਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ। ਘਟਨਾ ਦੀ ਵਾਇਰਲ ਵੀਡੀਓ ’ਚ ਗੁੱਟ ਵੱਢਣ ਸਮੇਤ ਥਾਣੇਦਾਰ ਵੱਲੋਂ ਹੱਥ ਦਾ ਪੀਸ ਚੁੱੱਕ ਕੇ ਲਿਆਉਣ ਦਾ ਵਾਸਤਾ ਪਾਉਣ ਅਤੇ ਫੇਰ ਇੱਕ ਨੌਜਵਾਨ ਵੱਲੋਂ ਗੁੱਟ ਚੁੱਕ ਕੇ ਲਿਆਉਣ ਦੇ ਦ੍ਰਿਸ਼ ਬਹੁਤ ਹੌਲਨਾਕ ਹਨ।