ਨਿਹੰਗਾਂ ਦੇ ਹਮਲੇ ‘ਚ ਥਾਣੇਦਾਰ ਦਾ ਹੱਥ ਵੱਢਿਆ ਗਿਆ
ਅੱਜ ਤੜਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਨੇੜੇ ਸਨੌਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿੱਚ ਚਾਰ ਨਿਹੰਗ ਸਿੰਘਾਂ ਅਤੇ ਪੁਲੀਸ ਮੁਲਾਜ਼ਮਾਂ ਦਰਮਿਆਨ ਹੋਈ ਝੜੱਪ ਮੌਕੇ ਇੱਕ ਨਿਹੰਗ ਸਿੰਘ ਵੱਲੋਂ ਕਿਰਪਾਨ ਦੇ ਕੀਤੇ ਗਏ ਵਾਰ ਨਾਲ ਇੱਕ ਏਐਸਆਈ ਦੀ ਗੁੱਟ ਬਾਂਹ ਨਾਲੋਂ ਵੱਖ ਹੋ ਗਿਆ। ਜ਼ਖਮੀ ਏਐੱਸਆਈ ਨੂੰ ਗੰਭੀਰ ਹਾਲਾਤ ਕਾਰਨ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇੱਕ ਥਾਣਾ ਸਦਰ ਪਟਿਆਲਾ ਦੇ ਐਸਐਚਓ ਸਮੇਤ ਦੋ ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਹਨ।
ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਿਹੰਗ ਸਿੰਘ ਜੋ ਕਿ ਸਬਜ਼ੀ ਮੰਡੀ ‘ਚ ਆਏ, ਪਹਿਲਾਂ ਕਰਫਿਊ ਪਾਸ ਮੰਗਣ ‘ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਥਾਂ ਮਾਰਕੀਟ ਕਮੇਟੀ ਵਾਲਿਆਂ ਦੇ ਬੈਰੀਕੇਡ ਤੋੜੇ ਅਤੇ ਫਿਰ ਪੁਲੀਸ ‘ਤੇ ਹਮਲਾ ਕੀਤਾ। ਇਸ ਮਗਰੋਂ ਨਿਹੰਗ ਸਿੰਘ ਇੱਥੋਂ ਭੱਜ ਕੇ ਪਟਿਆਲਾ ਤੋਂ ਪੰਦਰਾਂ ਕਿਲੋਮੀਟਰ ਦੂਰ ਸਥਿਤ ਬਲਬੇੜਾ ਵਿਖੇ ਗੁਰਦੁਆਰਾ ਖਿਚੜੀ ਸਾਹਿਬ ਦੇ ਨਾਂ ਨਾਲ ਜਾਣੇ ਜਾਂਦੇ ਆਪਣੇ ਸਥਾਨ ਵਿੱਚ ਜਾ ਵੜੇ ਜਿਨ੍ਹਾਂ ਨੂੰ ਬਾਹਰੋਂ ਪੁਲੀਸ ਨੇ ਘੇਰਾ ਪਾਇਆ ਹੋਇਆ ਹੈ ਅਤੇ ਕਮਾਂਡੋ ਫੋਰਸ ਵੀ ਲਾ ਦਿੱਤੀ ਗਈ ਹੈ। ਪੁਲੀਸ ਨਿਹੰਗ ਸਿੰਘਾਂ ਨੂੰ ਬਾਹਰ ਆਉਣ ਲਈ ਅਨਾਊਂਸਮੈਂਟ ਕਰ ਰਹੀ ਹੈ ਜਦ ਕਿ ਨਿਹੰਗ ਸਿੰਘਾਂ ਵੱਲੋਂ ਅੰਦਰੋਂ ਕੀਤੀ ਗਈ ਅਨਾਊਂਸਮੈਂਟ ਦੌਰਾਨ ਪੁਲੀਸ ਨੂੰ ਵਾਪਸ ਚਲੇ ਜਾਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਸਵੇਰੇ ਸਾਢੇ ਦਸ ਵਜੇ ਤੱਕ ਇਹ ਘੇਰਾਬੰਦੀ ਤੇ ਪੁਲੀਸ ਕਾਰਵਾਈ ਜਾਰੀ ਸੀ। ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਦੋਸ਼ੀ ਨਿਹੰਗਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।