ਨੋਵਾ ਸਕੋਟੀਆ ਗੋਲੀਬਾਰੀ ਤੋਂ ਬਾਅਦ PM ਟਰੂਡੋ ਨੇ ਇਨ੍ਹਾਂ ਹਥਿਆਰਾਂ ਤੇ ਲਾਈ ਪਾਬੰਦੀ
ਓਟਾਵਾ - ਕੈਨੇਡਾ ਵਿਚ ਇਕ ਪਾਸੇ ਜਿਥੇ ਕੋਰੋਨਾਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਉਥੇ ਹੀ ਪਿਛਲੇ ਮਹੀਨੇ ਨੋਵਾ ਸਕੋਟੀਆ ਸੂਬੇ ਵਿਚ ਹੋਈ ਗੋਲੀਬਾਰੀ ਨੇ ਸਾਰਿਆਂ ਨੂੰ ਡਰਾ ਕੇ ਰੱਖ ਦਿੱਤਾ ਸੀ। ਹਮਲਾਵਰ ਨੇ ਗੋਲੀਬਾਰੀ ਵਿਚ ਅਸਾਲਟ ਅਤੇ ਹੋਰ ਆਟੋ-ਮੈਟਿਕ ਬੰਦੂਕਾਂ ਦਾ ਇਸਤੇਮਾਲ ਕੀਤਾ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੇ ਹਥਿਆਰਾਂ 'ਤੇ ਪਾਬੰਦੀ ਲਾ ਦਿੱਤੀ ਹੈ।
ਇਕ ਪ੍ਰੈਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਤੁਹਾਨੂੰ ਇਕ ਹਿਰਨ ਨੂੰ ਮਾਰਨ ਲਈ ਏ. ਆਰ.-15 ਬੰਦੂਕ ਦੀ ਲੋੜ ਨਹੀਂ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਅਸਾਲਟ ਬੰਦੂਕਾਂ (ਮਿਲਟਰੀ ਗ੍ਰੇਡ) ਅਤੇ ਇਸੇ ਕਿਸਮ ਦੇ ਹੋਰ ਹਥਿਆਰਾਂ ਦੀ ਸਾਡੇ ਦੇਸ਼ ਵਿਚ ਕੋਈ ਜ਼ਰੂਰਤ ਨਹੀਂ ਇਸ ਕਰਕੇ ਅੱਜ ਮੈਂ ਤੋਂ ਇਨ੍ਹਾਂ ਹਥਿਆਰਾਂ ਨੂੰ ਵੇਚਣ, ਖਰੀਦਣ, ਨਿਰਯਾਤ ਕਰਨ 'ਤੇ ਪਾਬੰਦੀ ਲਾਉਂਦਾ ਹਾ।ਕੈਨੇਡਾ ਵਿਚ ਅਜਿਹੇ ਹਥਿਆਰਾਂ ਦਾ ਕੋਈ ਇਸਤੇਮਾਲ ਨਹੀਂ ਹੈ ਅਤੇ ਨਾ ਹੀ ਕੋਈ ਥਾਂ ਹੈ।
ਨੋਵਾ ਸਕੋਟੀਆ ਵਿਚ ਹੋਈ ਗੋਲੀਬਾਰੀ ਨੂੰ ਕੈਨੇਡਾ ਦੇ ਇਤਿਹਾਸ ਵਿਚ ਵੱਡੀ ਘਟਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਖਬਰਾਂ ਮੁਤਾਬਕ ਹਮਲਾਵਰ ਨੇ ਪੁਲਸ ਦੀ ਵਰਦੀ ਵਰਗੇ ਕੱਪੜੇ ਪਾਏ ਹੋਏ ਸਨ। ਉਹ ਆਪਣੀ ਕਾਰ ਲੈ ਕੇ ਇਕ ਤੋਂ ਬਾਅਦ ਇਕ ਘਰ ਵਿਚ ਦਾਖਲ ਹੁੰਦਾ ਗਿਆ ਅਤੇ ਲੋਕਾਂ 'ਤੇ ਗੋਲੀਬਾਰੀ ਕਰਦਾ ਰਿਹਾ। ਇਸ ਦੌਰਾਨ 22 ਲੋਕਾਂ ਦੀ ਜਾਨ ਚੱਲੀ ਗਈ ਸੀ। ਪਿਛਲੇ ਮਹੀਨੇ ਪੁਲਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਆਖਿਆ ਗਿਆ ਸੀ ਕਿ ਹਮਲਾਵਰ ਨੇ ਇਸ ਘਟਨਾ ਨੂੰ ਆਪਣੀ ਪ੍ਰੇਮਿਕਾ ਨਾਲ ਹੋਈ ਘਰੇਲੂ ਲੜਾਈ ਤੋਂ ਬਾਅਦ ਅੰਜ਼ਾਮ ਦਿੱਤਾ ਸੀ ਅਤੇ ਘਟਨਾ ਤੋਂ ਬਾਅਦ ਕਰੀਬ 13 ਘੰਟੇ ਪੁਲਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ ਸੀ।