ਪਗੜੀ ਸੰਭਾਲ ਜੱਟਾ: ਪੰਜਾਬ ਮੁਕੰਮਲ ਬੰਦ

ਪਗੜੀ ਸੰਭਾਲ ਜੱਟਾ: ਪੰਜਾਬ ਮੁਕੰਮਲ ਬੰਦ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਪੰਜਾਬ ਬੰਦ ਦੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ’ਤੇ ਬਰਨਾਲਾ ਵਿੱਚ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਕਿਸਾਨ ਜਥੇਬੰਦੀਆਂ ਅਤੇ ਵਪਾਰੀ ਵਰਗ ਵੱਲੋਂ ਮਿਲ ਕੇ ਬਰਨਾਲਾ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਗਿਆ ਅਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਦੁਕਾਨਦਾਰਾਂ, ਵਪਾਰੀਆਂ ਅਤੇ ਆੜ੍ਹਤੀਆਂ ਵੱਲੋਂ ਵੀ ਇਸ ਬੰਦ ਦਾ ਸਮਰਥਨ ਕਰਕੇ ਆਪਣੇ ਕਾਰੋਬਾਰ ਬੰਦ ਰੱਖੇ ਗਏ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਅਤੇ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਅੱਜ ਸਫਲ ਹੋਇਆ ਹੈ। ਅੱਜ ਵਿੱਚ ਅੱਜ ਬਰਨਾਲਾ ਸ਼ਹਿਰ ਮੁਕੰਮਲ ਬੰਦ ਹੋਣ ਦੇ ਨਾਲ ਨਾਲ ਬਰਨਾਲਾ ਤੋਂ ਮੋਗਾ, ਲੁਧਿਆਣਾ, ਚੰਡੀਗੜ੍ਹ, ਬਠਿੰਡਾ ਮਾਨਸਾ ਸਾਰੇ ਮਾਰਗ ਧਰਨਾ ਲਗਾ ਕੇ ਜਾਮ ਕੀਤੇ ਗਏ ਹਨ। ਕਿਸਾਨਾਂ ਦਾ ਸੰਘਰਸ਼ ਪੰਜਾਬ ਬੰਦ ਤੱਕ ਹੀ ਨਹੀਂ ਰੁਕੇਗਾ। ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਦਿੱਲੀ ਵੱਲ ਵੀ ਕੂਚ ਕਰ ਸਕਦੇ ਹਨ।
31 ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਵੇਰੇ 9 ਵਜੇ ਤੋਂ ਹੀ ਧਰਨਾ ਲਗਾ ਦਿੱਤਾ।ਹਜ਼ਾਰਾਂ ਕਿਸਾਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਗੁਰਮੀਤ ਸਿੰਘ ਕਪਿਆਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਸੰਬੋਧਨ ਕੀਤਾ। ਇਸ ਮੌਕੇ ਆੜਤੀਆ, ਦੁਕਾਨਦਾਰ ਅਤੇ ਕਿਸਾਨ ਬੀਬੀਆਂ ਵੀ ਹਾਜ਼ਰ ਸਨ।
ਅੱਜ ਦੂਜੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਬਿਲਾਂ ਦੇ ਖ਼ਿਲਾਫ ਨੇੜਲੇ ਪਿੰਡ ਛਾਜਲੀ ਰੇਲ ਲਾਈਨ ’ਤੇ ਲਾਇਆ ਤਿੰਨ ਦਿਨਾਂ ਰੇਲ ਰੋਕੋ ਧਰਨਾ ਜਾਰੀ ਰਿਹਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਦਰਬਾਰਾ ਸਿੰਘ , ਰਾਮਸ਼ਰਨ ਉਗਰਾਹਾਂ, ਸੁਖਪਾਲ ਮਾਣਕ, ਗੋੋਬਿੰਦ ਚੱਠੇ ਨੇ ਕਿਹਾ ਕਿ ਧਰਨਾ ਨਿਰੋਲ ਗੈਰ ਰਾਜਨੀਤਕ ਹੈ।
31 ਕਿਸਾਨ ਜਥੇਬੰਦੀਆਂ ਵਲੋਂ ਖੇਤੀ ਬਿੱਲਾਂ ਖਿਲਾਫ਼ ਤਿੰਨ ਰੋਜ਼ਾ ਸੰਘਰਸ਼ ਦੇ ਪਹਿਲੇ ਦਿਨ ਸੂਬੇ ਭਰ ਵਿਚ ਸੁਮੱਚੀ ਰੇਲ ਵਿਵਸਥਾ ਠੱਪ ਰਹਿਣ ਤੋਂ ਬਾਅਦ ਅੱਜ ਇਨ੍ਹਾਂ ਬਿੱਲਾਂ ਵਿਰੁੱਧ ਰਾਜ ਭਰ ਮੁਕੰਮਲ ਬੰਦ ਪੂਰਾ ਕਾਮਯਾਬ ਹੋ ਰਿਹਾ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਇਸ ਦੇ ਸਫਲ ਹੋਣ ਦੀਆਂ ਲਗਾਤਾਰ ਖ਼ਬਰਾਂ ਪ੍ਰਾਪਤ ਹੋ ਰਹੀਆਂ ਹਨ। ਅੱਜ ਰੇਲਾਂ ਤੋਂ ਇਲਾਵਾ, ਸਰਕਾਰੀ-ਪ੍ਰਾਈਵੇਟ ਬੱਸਾਂ,ਆਮ ਟਰੈਫਿਕ ਹੀ ਬੰਦ ਨਹੀਂ, ਸਗੋਂ ਥਾਂ -ਥਾਂ ਉਤੇ ਕਿਸਾਨਾਂ, ਮਜ਼ਦੂਰਾਂ, ਆੜਤੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਹੋਰ ਧਿਰਾਂ ਵਲੋਂ ਇਕਮਿਕ ਹੋਕੇ ਕਿਸਾਨ ਅੰਦੋਲਨ ਜ਼ਿੰਦਾਬਾਦ ਕਿਹਾ ਜਾ ਰਿਹਾ ਹੈ।
‘ਪੰਜਾਬ ਬੰਦ’ ਨੂੰ ਬਠਿੰਡਾ ’ਚ ਅੱਜ ਭਰਵਾਂ ਹੁੰਗਾਰਾ ਮਿਲਿਆ। ਬਾਜ਼ਾਰਾਂ ਤੋਂ ਲੈ ਰੇੜ੍ਹੀਆਂ-ਫੜ੍ਹੀਆਂ ਤੱਕ ਦੇ ਕਾਰੋਬਾਰ ਠੱਪ ਰਹੇ। ਸੜਕਾਂ ’ਤੇ ਆਵਾਜਾਈ ਬੰਦ ਸੀ। ਬੰਦ ਦੇ ਹਮਾਇਤੀਆਂ ਨੇ ਇਥੋਂ ਦੇ ਭਾਈ ਘਨੱਈਆ ਚੌਕ ਵਿਚ ਧਰਨਾ ਲਾਇਆ। ਸ਼੍ਰੋਮਣੀ ਅਕਾਲੀ ਦਲ ਨੇ ਆਈਟੀਆਈ ਚੌਕ ’ਚ ਤਿੰਨ ਘੰਟਿਆਂ ਲਈ ਧਰਨਾ ਲਾ ਕੇ ‘ਚੱਕਾ ਜਾਮ’ ਕੀਤਾ। ਜ਼ਿਲ੍ਹੇ ’ਚ ਕੋਟ ਸ਼ਮੀਰ, ਰਾਮਪੁਰਾ, ਭਗਤਾ, ਜੀਦਾ ਸਮੇਤ ਦਰਜਨਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਸੜਕੀ ਆਵਾਜਾਈ ਠੱਪ ਕਰਨ ਦੀਆਂ ਖ਼ਬਰਾਂ ਹਨ।
ਇਥੇ ਨੈਸ਼ਨਲ ਹਾਈਵੇਅ ’ਤੇ ਕਿਸਾਨਾਂ ਨੇ ਲਾਇਆ ਜਾਮ ਤੇ ਕਿਸਾਨਾਂ ਦੇ ਬਾਜ਼ਾਰਾਂ ਵਿੱਚ ਆਉਣ ਮਗਰੋਂ ਦੁਕਾਨਦਾਰਾਂ ਨੇ ਕਾਰੋਬਾਰ ਬੰਦ ਕੀਤੇ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨਾਂ ਵੱਲੋਂ ਸਵੇਰੇ ਦਸ ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰੇ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਪਰ ਜਿਵੇਂ ਹੀ ਕਿਸਾਨ ਪਿੰਡਾਂ ’ਚੋਂ ਬਾਜ਼ਾਰਾਂ ਵਿੱਚ ਆਏ ਤਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਕਿਸਾਨ ਪਿੰਡਾਂ ਚੋਂ ਆਪਣੇ ਟਰੈਕਟਰ ਟਰਾਲੀਆਂ ’ਤੇ ਚੜ੍ਹ ਕੇ ਵੱਡੀ ਗਿਣਤੀ ’ਚ ਬਾਜਾਰਾਂ ’ਚ ਆਏ ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕੁਝ ਸਮੇਂ ਲਈ ਨੈਸ਼ਨਲ ਹਾਈ ਵੇਅ ’ਤੇ ਜਾਮ ਵੀ ਲਾਇਆ।ਭਾਰਤ ਬੰਦ ਵਿੱਚ ਖੱਬੇਪੱਖੀਆਂ ਤੋਂ ਇਲਾਵਾ ਕਾਂਗਰਸ, ਵਿਦਿਆਰਥੀ, ਕਰਮਚਾਰੀ, ਆੜ੍ਹਤੀ ਤੇ ਨੌਜਵਾਨਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ।

Radio Mirchi