ਪਟਿਆਲਾ: ਅੱਜ ਐੱਸਐੱਸਪੀ ਦਫ਼ਤਰ ਘੇਰੇਗਾ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ 21 ਦਸੰਬਰ ਨੂੰ ਐੱਸਐੱਸਪੀ ਦਫ਼ਤਰ ਸਾਹਮਣੇ ਕਾਂਗਰਸ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਇਸ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਧਰਨੇ ਵਾਲੇ ਸਥਾਨ ’ਤੇ ਪਹੁੰਚੇ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਤੇ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਵੀ ਉਨ੍ਹਾਂ ਨਾਲ ਸਨ। ਦੱਸਣਯੋਗ ਹੈ ਕਿ ਭਲਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਦਿੱਤੇ ਜਾਣ ਵਾਲੇ ਰੋਸ ਧਰਨੇ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਿਰਕਤ ਕਰ ਰਹੀ ਹੈ। ਪਾਰਟੀ ਪ੍ਰਧਾਨ ਬਾਦਲ ਦੇ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਮਗਰੋਂ ਪਹਿਲੀ ਵਾਰ ਪਟਿਆਲਾ ਪੁੱਜਣ ’ਤੇ ਪਟਿਆਲਵੀ ਵਰਕਰਾਂ ਤੇ ਆਹੁਦੇਦਾਰਾਂ ’ਚ ਉਤਸ਼ਾਹ ਪਾਇਆ ਜਾ ਰਿਹਾ ਹੈ। ਉਂਜ ਪਟਿਆਲਾ ਜ਼ਿਲ੍ਹੇ ਦੇ ਪਾਰਟੀ ਆਬਜ਼ਰਵਰ ਵਜੋਂ ਤਾਇਨਾਤ ਪਰਮਿੰਦਰ ਸਿੰਘ ਢੀਂਡਸਾ ਦੇ ਪੁੱਜਣ ਦੀ ਉਮੀਦ ਮੱਧਮ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵੱਡੇ ਢੀਂਡਸਾ ਦੇ ਬਾਦਲਕਿਆਂ ਖ਼ਿਲਾਫ਼ ਜਨਤਕ ਮੁਹਿੰਮ ਵਿੱਢਣ ਮਗਰੋਂ ਛੋਟੇ ਢੀਂਡਸਾ ਲੰਘੇ ਦਿਨਾਂ ਤੋਂ ਪੰਜਾਬ ਤੋਂ ਬਾਹਰ ਚਲੇ ਗਏ ਹਨ।
ਚੰਦੂਮਾਜਰਾ ਨੇ ਧਰਨੇ ਦੀਆਂ ਸਮੁੱਚੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਗੁੰਡਾਗਰਦੀ ਅਤੇ ਧੱਕੇਸ਼ਾਹੀ ਖ਼ਿਲਾਫ਼ ਦਿੱਤੇ ਜਾਣ ਵਾਲੇ ਇਸ ਧਰਨੇ ਮਗਰੋਂ ਲੋਕਾਂ ਦਾ ਰੋਹ ਜਨਤਕ ਅੰਦੋਲਨ ਦਾ ਰੂਪ ਧਾਰਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਭਲਕੇ ਦਾ ਧਰਨਾ ਸਰਕਾਰ ਦੀਆਂ ਵਧੀਕੀਆਂ ਅਤੇ ਮਾਰੂ ਨੀਤੀਆਂ ਖ਼ਿਲਾਫ਼ ਲੋਕ ਲਹਿਰ ਖੜੀ ਕਰੇਗਾ।
ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਭਲਕੇ ਜ਼ਿਲ੍ਹੇ ਭਰ ’ਚੋ ਆਏ ਲੋਕ ਕਾਂਗਰਸੀਆਂ ਦੀ ਗੁੰਡਾਗਰਦੀ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਇੰਦਰਮੋਹਨ ਸਿੰਘ ਬਜਾਜ, ਵਿਸ਼ਨੂੰ ਸ਼ਰਮਾ, ਸੁਖਵਿੰਦਰਪਾਲ ਸਿੰਘ ਮਿੰਟਾ, ਸੁਖਬੀਰ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ ਤੇ ਹੋਰ ਮੌਜੂਦ ਸਨ।