ਪਟਿਆਲਾ: ਕਾਂਗਰਸੀ ਵਿਧਾਇਕ ਜ਼ਿਲ੍ਹਾ ਪ੍ਰਸ਼ਾਸਨ ਤੋਂ ‘ਔਖੇ’
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਵਿਧਾਇਕ ਇਥੋਂ ਦੇ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਹਨ। ਇਥੋਂ ਤੱਕ ਕਿ ਉਨ੍ਹਾਂ ਜ਼ਿਲ੍ਹੇ ’ਚ ਕਥਿਤ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਨਾ ਹੋਣ ਸਮੇਤ ਵਿਧਾਇਕਾਂ ਦੇ ਫੋਨ ਟੈਪ ਕਰਨ ਦੇ ਦੋਸ਼ ਵੀ ਲਾਏ ਹਨ। ਇਹ ਮਾਮਲਾ ਉਨ੍ਹਾਂ ਨੇ ਅੱਜ ਇਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠਾਂ ਹੋਈ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ। ਇਸ ਦੌਰਾਨ ਜ਼ਿਲ੍ਹੇ ਦੀ ਅਫ਼ਸਰਸ਼ਾਹੀ ਵੀ ਮੌਜੂਦ ਸੀ। ਇੱਕ ਵਿਧਾਇਕ ਨੇ ਤਾਂ ਇੱਕ ਅਧਿਕਾਰੀ ਦੀ ਮੌਜੂਦਗੀ ਵਿਚ ਹੀ ਉਸ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ। ਅਜਿਹੇ ਦੋਸ਼ ਲਾਉਣ ਵਾਲ਼ੇ ਵਿਧਾਇਕਾਂ ਵਿੱਚ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਨਿਰਮਲ ਸਿੰਘ ਸ਼ੁਤਰਾਣਾ, ਮਦਨ ਲਾਲ ਜਲਾਲਪੁਰ (ਘਨੌਰ) ਅਤੇ ਕਾਕਾ ਰਾਜਿੰਦਰ ਸਿੰਘ (ਸਮਾਣਾ) ਦੇ ਨਾਮ ਸ਼ਾਮਲ ਹਨ। ਵਿਧਾਇਕ ਕੰਬੋਜ ਨੇ ਪਟਿਆਲਾ ਦੇ ਐੱਸਡੀਐੱਮ ’ਤੇ ਇੱਕ ਮਾਮਲੇ ’ਚ ਉਸ ਦੇ ਹਮਾਇਤੀ ਇੱਕ ਕਾਂਗਰਸੀ ਆਗੂ ਤੋਂ ਕਥਿਤ ਰੂਪ ’ਚ ਸੱਤ ਲੱਖ ਰੁਪਏ ਮੰਗਣ ਦੇ ਦੋਸ਼ ਲਾਏ। ਵਿਧਾਇਕ ਦਾ ਇਹ ਵੀ ਕਹਿਣਾ ਸੀ ਕਿ ਬਾਅਦ ’ਚ ਇਸ ਮਾਮਲੇ ਬਾਰੇ ਅਧਿਕਾਰੀ ਨੇ ਉਸ ਨੂੰ ਵੀ ਫੋਨ ਕੀਤਾ। ਵਿਧਾਇਕ ਨੇ ਜਦੋਂ ਇਹ ਮਾਮਲਾ ਉਠਾਇਆ, ਤਾਂ ਐੱਸਡੀਐੱਮ ਵੀ ਇਸ ਮੀਟਿੰਗ ’ਚ ਮੌਜੂਦ ਸਨ। ਬਾਅਦ ’ਚ ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਐੱਸਡੀਐੱਮ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਸ ਸਬੰਧੀ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਹਰਦਿਆਲ ਕੰਬੋਜ ਨੇ ਸੀਆਈਏ ਰਾਜਪੁਰਾ ਦੇ ਅਧਿਕਾਰੀਆਂ ’ਤੇ ਇੱਕ ਲੱਖ ਨਸ਼ੀਲੀਆਂ ਗੋਲ਼ੀਆਂ ਸਣੇ ਫੜੇ ਇੱਕ ਵਿਅਕਤੀ ਨੂੰ ਕਥਿਤ ਰੂਪ ਵਿਚ ਛੱਡਣ ਦੇ ਦੋਸ਼ ਵੀ ਲਾਏ।