ਪਠਾਨਕੋਟ ਵਿੱਚ ਅਤਿਵਾਦੀ ਹਮਲਾ ਹੋਣ ਦਾ ਖ਼ਦਸ਼ਾ

ਪਠਾਨਕੋਟ ਵਿੱਚ ਅਤਿਵਾਦੀ ਹਮਲਾ ਹੋਣ ਦਾ ਖ਼ਦਸ਼ਾ

ਅਤਿਵਾਦੀ ਹਮਲੇ ਦੇ ਖ਼ਦਸ਼ੇ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਪਿਛਲੇ ਦਿਨੀਂ ਪੰਜਾਬ ਅੰਦਰ ਡਰੋਨ ਰਾਹੀਂ ਭਾਰਤੀ ਹੱਦ ਅੰਦਰ ਸੁੱਟੇ ਗਏ ਹਥਿਆਰਾਂ ਅਤੇ ਖ਼ੁਫ਼ੀਆ ਏਜੰਸੀਆਂ ਦੀਆਂ ਲਗਾਤਾਰ ਮਿਲ ਰਹੀਆਂ ਰਿਪੋਰਟਾਂ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਪਠਾਨਕੋਟ ’ਚ ਪੁਲੀਸ ਦੇ ਆਲਾ ਅਧਿਕਾਰੀਆਂ ਨੇ ਡੇਰੇ ਲਗਾ ਲਏ ਹਨ। ਜਾਣਕਾਰੀ ਅਨੁਸਾਰ ਤਿੰਨ ਦਿਨ ਤੱਕ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ। ਇਸ ਸਬੰਧੀ ਅੱਜ ਸਾਰਾ ਦਿਨ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੰਦਰ ਮੀਟਿੰਗਾਂ ਚਲਦੀਆਂ ਰਹੀਆਂ। ਬਾਹਰਲੇ ਜ਼ਿਲ੍ਹਿਆਂ ਤੋਂ 2500 ਦੇ ਕਰੀਬ ਪੁਲੀਸ ਜਵਾਨਾਂ ਅਤੇ ਕਮਾਂਡੋਜ਼ ਨੂੰ ਬੁਲਾਇਆ ਗਿਆ ਹੈ। 400 ਦੇ ਕਰੀਬ ਗੰਨਮੈਨਾਂ ਨੂੰ ਪੀਏਪੀ ਵਿੱਚ ਤੁਰੰਤ ਵਾਪਸ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅੱਜ ਦੇਰ ਸ਼ਾਮ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਪੁਲੀਸ ਦੇ ਜਵਾਨਾਂ ਨਾਲ ਭਰੀਆਂ ਬੱਸਾਂ ਪਠਾਨਕੋਟ ਪੁੱਜਣੀਆਂ ਸ਼ੁਰੂ ਹੋ ਗਈਆਂ ਅਤੇ ਇੰਨ੍ਹਾਂ ਬੱਸਾਂ ਨੂੰ ਪਠਾਨਕੋਟ ਦੇ ਲਮੀਨੀ ਸਥਿਤ ਸਟੇਡੀਅਮ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਤੋਂ ਇਲਾਵਾ ਪਠਾਨਕੋਟ ਦੇ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਖਾਲੀ ਕਰਵਾ ਲਿਆ ਗਿਆ ਹੈ ਅਤੇ ਉਥੇ ਬੈੱਡ ਰਾਖਵੇਂ ਰੱਖ ਲਏ ਗਏ ਹਨ। ਹਸਪਤਾਲ ਦੇ ਸਾਰੇ ਅਮਲੇ ਨੂੰ ਡਿਊਟੀ ਉਪਰ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਂਜ ਕੋਈ ਵੀ ਪੁਲੀਸ ਅਧਿਕਾਰੀ ਇਸ ਕਵਾਇਦ ਬਾਰੇ ਖੁੱਲ੍ਹ ਕੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।
ਪਠਾਨਕੋਟ ਪੰਜਾਬ ਦਾ ਅਹਿਮ ਜ਼ਿਲ੍ਹਾ ਹੈ ਕਿਉਂਕਿ ਇਹ ਸਰਹੱਦੀ ਇਲਾਕਾ ਹੈ ਅਤੇ ਜੰਮੂ-ਕਸ਼ਮੀਰ ਦੀ ਹੱਦ ਵੀ ਇਸ ਦੇ ਨਾਲ ਲਗਦੀ ਹੈ। ਇਥੇ ਏਅਰ ਫੋਰਸ ਦਾ ਹਵਾਈ ਅੱਡਾ ਹੋਣ ਕਰਕੇ ਇਹ ਸ਼ਹਿਰ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ।
ਪੰਜਾਬ ਪੁਲੀਸ ਦੇ ਏਡੀਜੀਪੀ (ਲਾਅ ਐਂਡ ਆਰਡਰ) ਵੱਲੋਂ ਲਿਖੇ ਗਏ ਪੱਤਰ ਵਿੱਚ ਉਨ੍ਹਾਂ 2485 ਪੀਏਪੀ ਜਵਾਨਾਂ ਨੂੰ ਵਿਸ਼ੇਸ਼ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹੋਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਗਿਆ ਹੈ ਕਿ ਉਹ ਆਪਣੇ ਹਥਿਆਰਾਂ, ਵਰਦੀਆਂ ਤੇ ਬਿਸਤਰਿਆਂ ਸਮੇਤ ਤੁਰੰਤ ਜਿਥੇ ਵੀ ਭੇਜਿਆ ਜਾਂਦਾ ਹੈ, ਪਹੁੰਚ ਜਾਣ। ਇਸ ਤੋਂ ਇਲਾਵਾ 400 ਗੰਨਮੈਨਾਂ ਨੂੰ ਇਸ ਅਪਰੇਸ਼ਨ ਦਾ ਹਿੱਸਾ ਬਣਨ ਲਈ ਕਿਹਾ ਗਿਆ ਹੈ। ਇਹ ਸਰਚ ਅਪਰੇਸ਼ਨ 13 ਅਕਤੂਬਰ ਤੱਕ ਚੱਲੇਗਾ। ਸੂਤਰਾਂ ਅਨੁਸਾਰ ਪੁਲੀਸ ਦੇ ਆਲਾ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਗੁਆਂਢੀ ਮੁਲਕ ਵੱਲੋਂ ਡਰੋਨਾਂ ਰਾਹੀਂ ਭਾਰਤੀ ਹੱਦ ਅੰਦਰ ਪਿਛਲੇ ਦਿਨੀਂ ਹਥਿਆਰ ਸੁੱਟੇ ਗਏ ਹਨ ਜੋ ਅਤਿਵਾਦੀਆਂ ਤੱਕ ਪਹੁੰਚਣੇ ਹਨ। ਉਨ੍ਹਾਂ ਦਾ ਪਤਾ ਲਾਉਣ ਲਈ ਇਹ ਅਪਰੇਸ਼ਨ ਜ਼ਰੂਰੀ ਮੰਨਿਆ ਜਾ ਰਿਹਾ ਹੈ।

Radio Mirchi