ਪਹਾੜ ਤੋਂ ਡਿੱਗਣ ਕਾਰਨ ਭਾਰਤੀ ਪਰਬਤਾਰੋਹੀ ਜ਼ਖ਼ਮੀ
ਅਮਰੀਕੀ ਸੂਬੇ ਓਰੇਗਨ ਦੇ 11,240 ਫੁੱਟ ਉੱਚੇ ਪਹਾੜ ਦੀ ਚੜ੍ਹਾਈ ਕਰਦਿਆਂ ਕੈਨੇਡਾ ਤੋਂ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਡਿੱਗ ਕੇ ਜ਼ਖ਼ਮੀ ਹੋ ਗਿਆ। ਮਾਊਂਟ ਹੁੱਡ ਇੱਥੋਂ ਦਾ ਸਭ ਤੋਂ ਉੱਚਾ ਪਹਾੜ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਸਰੀ ਤੋਂ ਗੁਰਬਾਜ਼ ਸਿੰਘ ਆਪਣੇ ਦੋਸਤਾਂ ਨਾਲ ਪਹਾੜ ਦੀ ਚੜ੍ਹਾਈ ਕਰ ਰਿਹਾ ਸੀ। ਉਨ੍ਹਾਂ ਅਜੇ 500 ਫੁੱਟ ਦੀ ਚੜ੍ਹਾਈ ਪੂਰੀ ਕੀਤੀ ਸੀ ਕਿ ਅਚਾਨਕ ਗੁਰਬਾਜ਼ ਦਾ ਪੈਰ ਬਰਫ਼ ਤੋਂ ਤਿਲਕ ਗਿਆ ਤੇ ਉਹ ਹੇਠਾਂ ਡਿੱਗ ਗਿਆ। ਇਸ ਹਾਦਸੇ ’ਚ ਉਸ ਦੀ ਇੱਕ ਲੱਤ ਟੁੱਟ ਗਈ ਹੈ। ਬਚਾਅ ਕਰਮੀਆਂ ਨੇ ਉਸ ਨੂੰ ਭਾਲ ਕੇ ਹਸਪਤਾਲ ਪਹੁੰਚਾਇਆ।