ਪਹਾੜਾਂ ਵਿੱਚ ਬਰਫ਼ ਨਾਲ ਮੈਦਾਨਾਂ ਨੂੰ ਛਿੜਿਆ ਕਾਂਬਾ

ਪਹਾੜਾਂ ਵਿੱਚ ਬਰਫ਼ ਨਾਲ ਮੈਦਾਨਾਂ ਨੂੰ ਛਿੜਿਆ ਕਾਂਬਾ

ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ ਪੈਣ ਮਗਰੋਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ। ਪੰਜਾਬ ਵਿੱਚ ਬਠਿੰਡਾ 5.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਇਲਾਕਾ ਰਿਹਾ ਜਦਕਿ ਕਸ਼ਮੀਰ ’ਚ ਸਖਤ ਠੰਢ ਦਾ 40 ਰੋਜ਼ਾ ਦੌਰ ‘ਚਿੱਲਈ ਕਲਾਂ’ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ’ਚ ਠੰਢ ਹੋਰ ਵਧਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਵਿੱਚ ਪੈ ਰਹੀ ਹੱਡ ਚੀਰਵੀਂ ਠੰਢ ਦਰਮਿਆਨ ਅੱਜ ਬਠਿੰਡਾ ਸਭ ਤੋਂ ਠੰਢਾ ਇਲਾਕਾ ਦਰਜ ਕੀਤਾ ਗਿਆ। ਇੱਥੇ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਰਿਹਾ। ਇਸ ਤੋਂ ਇਲਾਵਾ ਪੰਜਾਬ ਦੇ ਅੰਮ੍ਰਿਤਸਰ ’ਚ 6.6, ਲੁਧਿਆਣਾ ’ਚ 7, ਪਟਿਆਲਾ ’ਚ 8.6, ਗੁਰਦਾਸਪੁਰ ’ਚ 6.1, ਹਲਵਾਰਾ ’ਚ 8.1, ਪਠਾਨਕੋਟ ’ਚ 9.8 ਅਤੇ ਆਦਮਪੁਰ ’ਚ 8.2 ਡਿਗਰੀ ਤਾਪਮਾਨ ਰਿਹਾ। ਹਰਿਆਣਾ ਦੇ ਅੰਬਾਲਾ ’ਚ ਤਾਪਮਾਨ 8.3, ਹਿਸਾਰ ’ਚ 8, ਕਰਨਾਲ ’ਚ 9.6, ਨਾਰਨੌਲ ’ਚ 7.8, ਰੋਹਤਕ ’ਚ 9.2 ਤੇ ਸਿਰਸਾ ’ਚ 6.9 ਡਿਗਰੀ ਰਿਹਾ। ਚੰਡੀਗੜ੍ਹ ’ਚ ਤਾਪਮਾਨ 8.6 ਡਿਗਰੀ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਕਸ਼ਮੀਰ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਦੇ ਨਾਲ 40 ਦਿਨਾਂ ਦਾ ਹੱਡ ਚੀਰਵੀਂ ਠੰਢ ਦਾ ਦੌਰ ‘ਚਿੱਲਈ ਕਲਾਂ’ ਅੱਜ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਸ਼ਮੀਰ ਦੇ ਉੱਪਰੀ ਹਿੱਸਿਆਂ ’ਚ ਬੀਤੇ ਦਿਨ ਤੜਕੇ ਬਰਫਬਾਰੀ ਸ਼ੁਰੂ ਹੋਈ ਜੋ ਰਾਤ ਭਰ ਜਾਰੀ ਰਹੀ। ਉਨ੍ਹਾਂ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਗੁਲਮਰਗ ’ਚ ਪਾਰਾ ਸਿਫਰ ਤੋਂ 9.6 ਡਿਗਰੀ ਹੇਠਾਂ ਚਲਾ ਗਿਆ। ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ ਤਾਪਮਾਨ ਮਨਫੀ 3, ਸ੍ਰੀਨਗਰ ਸ਼ਹਿਰ ’ਚ ਮਨਫੀ 0.4 ਤਾਪਮਾਨ ਦਰਜ ਕੀਤਾ ਗਿਆ। ਲੱਦਾਖ ਤੇ ਦਰਾਸ ’ਚ ਤਾਪਮਾਨ ਬੀਤੀ ਰਾਤ ਤੋਂ ਮਨਫੀ ਚੱਲ ਰਿਹਾ ਹੈ। ਚਿੱਲਈ ਕਲਾਂ 31 ਜਨਵਰੀ ਨੂੰ ਖਤਮ ਹੋਵੇਗਾ। ਇਸੇ ਦੌਰਾਨ ਬਰਫਬਾਰੀ ਕਾਰਨ ਪਿਛਲੇ 17 ਘੰਟੇ ਤੋਂ ਬੰਦ ਪਏ ਕੌਮੀ ਮਾਰਗ ਨੂੰ ਅੱਜ ਮੁੜ ਖੋਲ੍ਹ ਕੇ ਇੱਥੇ ਫਸੇ ਹਜ਼ਾਰਾਂ ਮੁਸਾਫਰਾਂ ਨੂੰ ਕੱਢਿਆ ਗਿਆ।
ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਬਰਫਬਾਰੀ ਤੇ ਹੇਠਲੇ ਇਲਾਕਿਆਂ ’ਚ ਮੀਂਹ ਪੈਣ ਤੋਂ ਬਾਅਦ ਸੂਬੇ ’ਚ ਠੰਢ ਦੀ ਜਕੜ ਵੱਧ ਗਈ ਹੈ। ਸ਼ਿਮਲਾ ਤੋਂ ਮੌਸਮ ਵਿਭਾਗ ਨੇ ਦੱਸਿਆ ਕਿ ਲੰਘੇ 24 ਘੰਟਿਆਂ ਦੌਰਾਨ ਸੂਬੇ ਵਿੱਚ ਘੱਟੋ ਘੱਟ ਤਾਪਮਾਨ ਇੱਕ ਤੋਂ ਦੋ ਡਿਗਰੀ ਤੱਕ ਡਿੱਗ ਗਿਆ ਹੈ। ਸ਼ਿਮਲਾ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਗੰਧੋਲਾ ’ਚ 5 ਸੈ.ਮੀ., ਕੇਲਾਂਗ ’ਚ 2 ਤੇ ਕੋਠੀ ’ਚ 1 ਸੈਂਟੀਮੀਟਰ ਬਰਫ ਪਈ ਹੈ। ਮਨਾਲੀ, ਚੰਬਾ, ਡਲਹੌਜ਼ੀ, ਰਾਮਪੁਰ, ਭੁੰਤਰ, ਗੱਗਲ, ਪਾਲਮਪੁਰ ’ਚ ਭਰਵਾਂ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਮਨਫੀ 6.4 ਡਿਗਰੀ ਨਾਲ ਕੇਲਾਂਗ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ।

Radio Mirchi