ਪਹਾੜਾਂ ’ਤੇ ਬਰਫ਼ਬਾਰੀ ਨਾਲ ਮੈਦਾਨਾਂ ਵਿਚ ਉੱਤਰੀ ਠੰਢ
ਹਿਮਾਚਲ ਪ੍ਰਦੇਸ਼ ਦੀਆਂ ਲਗਭਗ ਸਾਰੀਆਂ ਮਸ਼ਹੂਰ ਸੈਰਗਾਹਾਂ- ਸ਼ਿਮਲਾ, ਮਨਾਲੀ, ਡਲਹੌਜ਼ੀ ਤੇ ਕੁਫ਼ਰੀ ’ਚ ਭਰਵੀਂ ਬਰਫ਼ਬਾਰੀ ਹੋਈ ਹੈ। ਸੂਬੇ ਵਿਚ ਤਾਪਮਾਨ ਕਈ ਥਾਈਂ ਸਿਫ਼ਰ ਤੋਂ ਵੀ ਹੇਠਾਂ ਚਲਾ ਗਿਆ ਹੈ। ਹਿਮਾਚਲ ’ਚ ਬਰਫ਼ ਦੇ ਤੋਦੇ ਡਿਗਣ ਤੇ ਜ਼ਮੀਨ ਖ਼ਿਸਕਣ ਬਾਰੇ ਚਿਤਾਵਨੀ ਜਾਰੀ ਕਰ ਕੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਧੌਲਾਧਾਰ ਦੀਆਂ ਪਹਾੜੀਆਂ, ਭਾਗਸੂਨਾਗ, ਲਾਹੌਲ-ਸਪਿਤੀ, ਕਲਪਾ, ਕਿਲੌਂਗ ਖਿੱਤੇ ਵਿਚ ਵੀ ਕਾਫ਼ੀ ਬਰਫ਼ਬਾਰੀ ਦਰਜ ਕੀਤੀ ਗਈ ਹੈ। ਡਲਹੌਜ਼ੀ ’ਚ ਸਭ ਤੋਂ ਵੱਧ 60 ਸੈਂਟੀਮੀਟਰ ਬਰਫ਼ ਪਈ ਹੈ। ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਅਗਲੇ ਕੁਝ ਘੰਟਿਆਂ ਦੌਰਾਨ ਹਲਕੇ ਤੋਂ ਦਰਮਿਆਨਾ ਮੀਂਹ ਤੇ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੰਜਾਬ ਤੇ ਹਰਿਆਣਾ ਵਿਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਦਾ ਤਾਪਮਾਨ 10.3, ਅੰਬਾਲਾ ਦਾ 10.1, ਅੰਮ੍ਰਿਤਸਰ ਦਾ 9.4, ਲੁਧਿਆਣਾ ਦਾ 9.8 ਤੇ ਪਟਿਆਲਾ ਦਾ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ‘ਸਕਾਈਮੈੱਟ’ ਮੁਤਾਬਕ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਰੁਕ-ਰੁਕ ਕੇ ਮੀਂਹ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਦਿੱਲੀ, ਪੰਜਾਬ-ਹਰਿਆਣਾ ਦੇ ਕੁਝ ਹਿੱਸਿਆਂ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਧੁੰਦ ਪੈ ਸਕਦੀ ਹੈ। ਪੱਛਮੀ ਹਿਮਾਲਿਆ ਖਿੱਤੇ ਵਿਚ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਜੰਮੂ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਕਈ ਹਿੱਸਿਆਂ ’ਚ ਭਰਵਾਂ ਮੀਂਹ ਪਿਆ ਹੈ ਤੇ ਬਰਫ਼ਬਾਰੀ ਹੋਈ ਹੈ। ਧਰਮਸ਼ਾਲਾ ’ਚ 86, ਮਨਾਲੀ ’ਚ 49, ਸ਼ਿਮਲਾ ’ਚ 13 ਤੇ ਮੰਡੀ ’ਚ 12 ਮਿਲੀਮੀਟਰ ਮੀਂਹ ਪਿਆ ਹੈ। ਬਰਫ਼ਬਾਰੀ ਨਾਲ ਜੰਮੂ-ਸ੍ਰੀਨਗਰ ਕੌਮੀ ਮਾਰਗ ਦੇ ਬੰਦ ਹੋਣ ਕਾਰਨ ਕਸ਼ਮੀਰ ਵਾਦੀ ਦਾ ਸੰਪਰਕ ਅੱਜ ਵੀ ਪੂਰੇ ਮੁਲਕ ਨਾਲੋਂ ਟੁੱਟਿਆ ਰਿਹਾ।