ਪਹਿਲੇ ਗੇੜ ’ਚ 64.12 ਫ਼ੀਸਦੀ ਮੱਤਦਾਨ
ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 13 ਹਲਕਿਆਂ ’ਚ 64.12 ਫ਼ੀਸਦੀ ਮੱਤਦਾਨ ਹੋਇਆ। ਹਿੰਸਾ ਦੀਆਂ ਕੁਝ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਦਾ ਕੰਮ ਸ਼ਾਮ ਤਿੰਨ ਵਜੇ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਛੇ ਜ਼ਿਲ੍ਹਿਆਂ ’ਚ ਪੈਂਦੇ 13 ਹਲਕਿਆਂ ’ਚ ਵੋਟਿੰਗ ਭਾਰੀ ਸੁਰੱਖਿਆ ਹੇਠ ਸਵੇਰੇ 7 ਵਜੇ ਸ਼ੁਰੂ ਹੋਈ ਸੀ। ਬਾਕੀ ਚਾਰ ਗੇੜਾਂ ਦੀਆਂ ਵੋਟਾਂ 7, 12, 16 ਅਤੇ 20 ਦਸੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 23 ਦਸੰਬਰ ਨੂੰ ਐਲਾਨੇ ਜਾਣਗੇ।
ਵਧੀਕ ਡੀਜੀਪੀ ਮੁਰਾਰੀ ਲਾਲ ਮੀਣਾ ਨੇ ਦੱਸਿਆ ਕਿ ਨਕਸਲੀਆਂ ਨੇ ਗੁਮਲਾ ਜ਼ਿਲ੍ਹੇ ਦੇ ਜੰਗਲਾਂ ’ਚ ਇਕ ਪੁਲੀ ਨੇੜੇ ਬੰਬ ਧਮਾਕਾ ਕੀਤਾ ਸੀ ਜਿਸ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਕਸਲ ਪ੍ਰਭਾਵਿਤ ਇਲਾਕਿਆਂ ਦੇ 1097 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਸੀ। ਚੋਣ ਕਮਿਸ਼ਨ ਦੇ ਅਧਿਕਾਰੀਆਂ ਮੁਤਾਬਕ 81 ਮੈਂਬਰੀ ਵਿਧਾਨ ਸਭਾ ਲਈ ਪੰਜ ਗੇੜਾਂ ’ਚ ਵੋਟਾਂ ਪੈਣੀਆਂ ਹਨ ਅਤੇ ਅੱਜ ਪਹਿਲੇ ਗੇੜ ਦੌਰਾਨ ਮਹਿਲਾਵਾਂ ਤੇ ਨੌਜਵਾਨਾਂ ਨੇ ਮੱਤਦਾਨ ’ਚ ਭਾਰੀ ਉਤਸ਼ਾਹ ਦਿਖਾਇਆ। ਪਹਿਲੇ ਗੇੜ ’ਚ 189 ਉਮੀਦਵਾਰਾਂ ਦਾ ਭਵਿੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਗਿਆ ਹੈ। ਪਹਿਲੇ ਗੇੜ ’ਚ ਭਾਜਪਾ ਨੇ 12 ਸੀਟਾਂ ’ਤੇ ਉਮੀਦਵਾਰ ਉਤਾਰੇ ਹਨ ਜਦਕਿ ਹੁਸੈਨਾਬਾਦ ’ਚ ਉਹ ਆਜ਼ਾਦ ਉਮੀਦਵਾਰ ਵਿਨੋਦ ਸਿੰਘ ਦੀ ਹਮਾਇਤ ਕਰ ਰਹੀ ਹੈ। ਹੁਕਮਰਾਨ ਭਾਜਪਾ ਨੂੰ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਦਾ ਗੱਠਜੋੜ ਚੁਣੌਤੀ ਦੇ ਰਿਹਾ ਹੈ। ਕਾਂਗਰਸ ਨੇ ਛੇ, ਜੇਐੱਮਐੱਮ ਨੇ ਚਾਰ ਅਤੇ ਆਰਜੇਡੀ ਨੇ ਤਿੰਨ ਉਮੀਦਵਾਰ ਖੜ੍ਹੇ ਕੀਤੇ ਹਨ।