ਪਾਕਿ ਡਰੋਨ ਨੇ ਫਿਰ ਟੱਪੀ ਭਾਰਤੀ ਸਰਹੱਦ

ਪਾਕਿ ਡਰੋਨ ਨੇ ਫਿਰ ਟੱਪੀ ਭਾਰਤੀ ਸਰਹੱਦ

ਫ਼ਿਰੋਜ਼ਪੁਰ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਫ਼ਿਰੋਜ਼ਪੁਰ ਅੰਦਰ ਪਾਕਿਸਤਾਨੀ ਡਰੋਨ ਦੀ ਘੁਸਪੈਠ ਲਗਾਤਾਰ ਜਾਰੀ ਹੈ। ਵੀਰਵਾਰ ਸ਼ਾਮ ਪੌਣੇ ਅੱਠ ਵਜੇ ਦੇ ਕਰੀਬ ਲੋਕਾਂ ਨੇ ਪਾਕਿਸਤਾਨੀ ਡਰੋਨ ਨੂੰ ਦੇਖਿਆ। ਉਧਰ ਬੁੱਧਵਾਰ ਰਾਤ ਤੀਜੀ ਵਾਰ ਪਾਕਿਸਤਾਨ ਤੋਂ ਉੱਡਿਆ ਡਰੋਨ ਇਥੋਂ ਦੇ ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਅਤੇ ਟੇਂਡੀ ਵਾਲਾ ਵਿਚ ਕੁਝ ਲੋਕਾਂ ਨੂੰ ਵਿਖਾਈ ਦਿੱਤਾ ਸੀ। ਉਂਜ ਬੀਐੱਸਐੱਫ਼ ਦੇ ਉੱਚ ਅਧਿਕਾਰੀ ਇਸ ਨੂੰ ਮਹਿਜ਼ ਅਫ਼ਵਾਹ ਦੱਸ ਰਹੇ ਹਨ। ਅਧਿਕਾਰੀਆਂ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਰਾਤ ਨੂੰ ਪਾਕਿਸਤਾਨੀ ਡਰੋਨ ਫ਼ਿਰੋਜ਼ਪੁਰ ਦੀ ਹੱਦ ਅੰਦਰ ਜ਼ਰੂਰ ਦਾਖ਼ਲ ਹੋਏ ਸਨ ਪਰ ਬੁੱਧਵਾਰ ਰਾਤ ਅਜਿਹਾ ਕੋਈ ਡਰੋਨ ਭਾਰਤ ਦੀ ਸੀਮਾ ਅੰਦਰ ਦਾਖ਼ਲ ਨਹੀਂ ਹੋਇਆ।
ਸਰਹੱਦੀ ਪਿੰਡ ਦੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਬੁੱਧਵਾਰ ਰਾਤ 9 ਵਜੇ ਦੇ ਕਰੀਬ ਉਨ੍ਹਾਂ ਇੱਕ ਡਰੋਨ ਨੂੰ ਵੇਖਿਆ ਜਿਸ ਦੀ ਕੁਝ ਲੋਕਾਂ ਕੋਲ ਵੀਡੀਓ ਵੀ ਮੌਜੂਦ ਹੈ। ਟੇਂਡੀ ਵਾਲਾ ਪਿੰਡ ਦੇ ਸਰਪੰਚ ਜਗੀਰ ਸਿੰਘ ਨੇ ਕਿਹਾ ਕਿ ਡਰੋਨ ਫ਼ਿਰੋਜ਼ਪੁਰ ਅੰਦਰ ਦਾਖ਼ਲ ਹੋਣ ਤੋਂ ਬਾਅਦ ਜਦੋਂ ਵਾਪਸ ਮੁੜਿਆ ਤਾਂ ਸਤਲੁਜ ਦਰਿਆ ਦੇ ਉਪਰ ਪਹੁੰਚਦਿਆਂ ਸਾਰ ਹੀ ਉਸ ਦੀ ਲਾਈਟ ਬੰਦ ਹੋ ਗਈ। ਸੂਚਨਾ ਮਿਲਦਿਆਂ ਹੀ ਬੀਐੱਸਐੱਫ਼ ਅਤੇ ਪੁਲੀਸ ਦੇ ਕੁਝ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਪੜਤਾਲ ਆਰੰਭ ਦਿੱਤੀ। ਅਧਿਕਾਰੀਆਂ ਨੇ ਪਿੰਡ ਵਾਲਿਆਂ ਨੂੰ ਸਤਲੁਜ ਦਰਿਆ ਦੇ ਨਜ਼ਦੀਕ ਜਾਣ ਤੋਂ ਰੋਕ ਦਿੱਤਾ ਹੈ। ਪਿੰਡ ਵਾਲਿਆਂ ਦਾ ਅੰਦਾਜ਼ਾ ਹੈ ਕਿ ਇਹ ਡਰੋਨ ਸਤਲੁਜ ਦਰਿਆ ਵਿਚ ਡਿੱਗਿਆ ਹੋ ਸਕਦਾ ਹੈ। ਉਂਜ ਬੀਐੱਸਐੱਫ਼ ਨੂੰ ਅਜਿਹਾ ਕੋਈ ਵੀ ਡਰੋਨ ਸਤਲੁਜ ਦਰਿਆ ਵਿਚੋਂ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਅਧਿਕਾਰੀਆਂ ਦੀ ਦਲੀਲ ਹੈ ਕਿ ਸਰਹੱਦ ’ਤੇ ਰਾਤ ਵੇਲੇ ਵੀ ਬੀਐੱਸਐੱਫ਼ ਦੇ ਜਵਾਨ ਤਾਇਨਾਤ ਰਹਿੰਦੇ ਹਨ। ਜੇਕਰ ਡਰੋਨ ਫ਼ਿਰੋਜ਼ਪੁਰ ਦੀ ਸੀਮਾ ਵਿਚ ਦਾਖ਼ਲ ਹੋਇਆ ਹੁੰਦਾ ਤਾਂ ਡਿਊਟੀ ’ਤੇ ਤਾਇਨਾਤ ਜਵਾਨਾਂ ਨੂੰ ਵੀ ਜ਼ਰੂਰ ਇਹ ਦਿਖਾਈ ਪੈਂਦਾ। ਦੱਸਿਆ ਗਿਆ ਹੈ ਕਿ ਜਵਾਨਾਂ ਨੇ ਡਰੋਨ ਨੂੰ ਡੇਗਣ ਲਈ ਕੁਝ ਫਾਇਰ ਵੀ ਕੀਤੇ ਸਨ।
ਡਰੋਨ ਦੇ ਵਾਰ-ਵਾਰ ਆਉਣ ਅਤੇ ਉਸ ਦੇ ਮੁੜਨ ਮਗਰੋਂ ਕਿਸੇ ਵੀ ਵਸਤੂ ਦੇ ਬਰਾਮਦ ਨਾ ਹੋਣ ’ਤੇ ਅਧਿਕਾਰੀਆਂ ਦੀ ਰਾਏ ਵੱਖੋ ਵੱਖਰੀ ਹੈ। ਕੁਝ ਅਧਿਕਾਰੀ ਇਸ ਹਰਕਤ ਨੂੰ ਮਹਿਜ਼ ਸ਼ਰਾਰਤ ਸਮਝ ਰਹੇ ਹਨ ਜਦਕਿ ਕੁਝ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ।
ਜਵਾਨਾਂ ਵੱਲੋਂ ਲਗਾਤਾਰ ਦੋ ਦਿਨ ਝੋਨੇ ਦੇ ਖੇਤਾਂ ਵਿਚ ਵੜ ਕੇ ਤਲਾਸ਼ੀ ਲੈਣ ਨਾਲ ਹੁਣ ਇਸ ਇਲਾਕੇ ਦੇ ਕਿਸਾਨ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫ਼ਸਲ ਹੁਣ ਕਟਾਈ ਨੇੜੇ ਪਹੁੰਚ ਗਈ ਹੈ ਅਤੇ ਝੋਨਾ ਲਤਾੜਣ ਨਾਲ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਤੋ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਹੈ।

Radio Mirchi