ਪਾਰਟੀ ਦਾ ਸਮਰਥਨ ਕਰਨ ਵਾਲਿਆਂ ਦੀ ਘਰ ਵਾਪਸੀ ਦਾ ਸਵਾਗਤ: ਸੁਖਬੀਰ
ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਘਰ ਵਾਪਸੀ ਦੀ ਚੱਲ ਰਹੀ ਚਰਚਾ ਦੌਰਾਨ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਜੇਕਰ ਕੋਈ ਪਾਰਟੀ ਦੀਆਂ ਨੀਤੀਆਂ ਨੂੰ ਮੰਨਦਾ ਹੋਇਆ ਘਰ ਵਾਪਸ ਕਰਦਾ ਹੈ ਤਾਂ ਉਸ ਦਾ ਸਵਾਗਤ ਹੈ। ਉਹ ਅੱਜ ਇਥੇ 13 ਫਰਵਰੀ ਨੂੰ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੇ ਪ੍ਰਬੰਧਾਂ ਲਈ ਆਏ ਸਨ। ਉਨ੍ਹਾਂ ਨੇ ਪਾਰਟੀ ਦੀਆਂ ਜ਼ਿਲ੍ਹਾ ਇਕਾਈਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਘਰ ਵਿਚ ਕੀਤੀ ਮੀਟਿੰਗ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਸ੍ਰੀ ਬਾਦਲ ਨੇ ਇਸ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਪਾਰਟੀ ਛੱਡ ਕੇ ਗਿਆ ਕੋਈ ਵੀ ਵਿਅਕਤੀ ਜੇਕਰ ਪਾਰਟੀ ਨੀਤੀਆਂ ਨਾਲ ਸਹਿਮਤ ਹੈ ਤਾਂ ਉਹ ਘਰ ਵਾਪਸ ਪਰਤ ਸਕਦਾ ਹੈ ਤੇ ਪਾਰਟੀ ਉਸ ਦਾ ਸਵਾਗਤ ਕਰੇਗੀ। ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਘਰ ਵਾਪਸੀ ਬਾਰੇ ਗੱਲ ਕਰਨ ਤੋਂ ਟਾਲਾ ਵੱਟਦਿਆਂ ਉਨ੍ਹਾਂ ਕਿਹਾ ਕਿ ਉਸ ਨਾਲ ਕੋਈ ਮੁਲਾਕਾਤ ਨਹੀਂ ਹੋਈ ਪਰ ਜੇਕਰ ਉਹ ਪਾਰਟੀ ਵਿਚ ਵਾਪਸੀ ਕਰਦਾ ਹੈ ਤਾਂ ਉਸ ਦਾ ਸਵਾਗਤ ਹੈ। 13 ਫਰਵਰੀ ਨੂੰ ਅੰਮ੍ਰਿਤਸਰ ਵਿਚ ਕੀਤੀ ਜਾ ਰਹੀ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਬੇਮਿਸਾਲ ਇਕੱਠ ਹੋਵੇਗਾ। ਦਿੱਲੀ ਵਿਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਰਫ ਇਕ ਦਿਨ ਹੀ ਪ੍ਰਚਾਰ ਕੀਤੇ ਜਾਣ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪੰਜਾਬ ਦੇ ਲੋਕ ਭੁੱਲ ਚੁੱਕੇ ਹਨ ਤਾਂ ਦਿੱਲੀ ਦੇ ਲੋਕ ਕਿਵੇਂ ਯਾਦ ਰੱਖਣਗੇ। ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੀ ਸੰਭਾਵਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਚਾਲੂ ਰੱਖਣਾ ਜਾਂ ਬੰਦ ਕਰਨਾ ਸਰਕਾਰ ਦਾ ਕੰਮ ਹੈ। ਸੂਬੇ ਵਿਚ ਵਧੇਰੇ ਨੌਕਰੀਆਂ ਦੇ ਸਰਕਾਰੀ ਦਾਅਵੇ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਘਰ ਵਿਚ ਰੱਖੇ ਸੀਰੀ ਨੂੰ ਵੀ ਸਰਕਾਰ ਵੱਲੋਂ ਦਿੱਤੀ ਨੌਕਰੀ ਵਿੱਚ ਗਿਣਿਆ ਜਾ ਰਿਹਾ ਹੈ।