ਪਾਵਰਕੌਮ ਦੇ ਅਫ਼ਸਰਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਲਾਈ ‘ਕੁੰਡੀ’

ਪਾਵਰਕੌਮ ਦੇ ਅਫ਼ਸਰਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਲਾਈ ‘ਕੁੰਡੀ’

ਟਰਾਂਸਮਿਸ਼ਨ ਅਫ਼ਸਰਾਂ ਦੀ ਨਾਲਾਇਕੀ ਨੇ ਪਾਵਰਕੌਮ ਦੇ ਖ਼ਜ਼ਾਨੇ ਨੂੰ ਝਟਕਾ ਦਿੱਤਾ ਹੈ। ਅਜਿਹਾ ਕਰਕੇ ਵੋਲਟੇਜ ਸੁਧਾਰ ਲਈ ਤਿੰਨ ਕਰੋੜ ਰੁਪਏ ਖੂਹ ਖਾਤੇ ਪਾ ਦਿੱਤੇ ਗਏ ਹਨ। ਪਹਿਲਾਂ ਅਫ਼ਸਰਾਂ ਨੇ ਗ਼ਲਤ 66 ਕੇਵੀ ਬਿਜਲੀ ਲਾਈਨ ਖਿੱਚ ਦਿੱਤੀ। ਮਗਰੋਂ ਗਲਤੀ ’ਤੇ ਪਰਦਾ ਪਾਉਣ ਲਈ ਉਨ੍ਹਾਂ ਇੱਕ ਹੋਰ ਬਿਜਲੀ ਲਾਈਨ ਖਿੱਚ ਦਿੱਤੀ। ਮੁੱਖ ਮੰਤਰੀ ਪੰਜਾਬ ਦੇ ਦਫ਼ਤਰੋਂ ਆਈ ਸ਼ਿਕਾਇਤ ਦੀ ਜਦੋਂ ਪੜਤਾਲ ਹੋਈ ਤਾਂ ਵੱਡੀ ਗੜਬੜ ਸਾਹਮਣੇ ਆਈ। ਤਕਨੀਕੀ ਪੜਤਾਲ ਵਿੰਗ ਨੇ ਟਰਾਂਸਮਿਸ਼ਨ ਵਿੰਗ ਦੇ ਤਿੰਨ ਸੀਨੀਅਰ ਐਕਸੀਅਨ, ਪੰਜ ਐੱਸਡੀਓ, ਦੋ ਜੂਨੀਅਰ ਇੰਜਨੀਅਰ ਅਤੇ ਦੋ ਫਰਮਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ।
ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੇ ਮਾਮਲਾ ਪਾਵਰਕੌਮ ਕੋਲ ਭੇਜਿਆ ਗਿਆ ਸੀ। ਟਰਾਂਸਮਿਸ਼ਨ ਲਾਈਨ ਗਲਤ ਖਿੱਚੇ ਜਾਣ ਦੀ ਗੜਬੜ ਸਾਲ 2016-17 ਵਿੱਚ ਹੋਈ ਹੈ ਤੇ ਇਹ ਲਾਈਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹਲਕੇ ਵਿੱਚ ਪੈਂਦੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਲਾਲ ਗਰਿੱਡ ਤੋਂ 8.5 ਕਿਲੋਮੀਟਰ ਲੰਮੀ 66 ਕੇਵੀ ਲਾਈਨ ਦਿਆਲਪੁਰਾ ਮਿਰਜ਼ਾ ਗਰਿੱਡ ਤੱਕ ਖਿੱਚੀ ਜਾਣੀ ਸੀ। ਟਰਾਂਸਮਿਸ਼ਨ ਵਿੰਗ ਨੇ ਇਸ ਦੀ ਥਾਂ ਬਿਨਾਂ ਲੋੜੋਂ ਜਲਾਲ ਗਰਿੱਡ ਤੋਂ ਦਿਆਲਪੁਰਾ ਭਾਈਕਾ ਗਰਿੱਡ ਤੱਕ 9.5 ਕਿਲੋਮੀਟਰ ਲੰਮੀ ਲਾਈਨ ਖਿੱਚ ਦਿੱਤੀ ਜੋ ਹੁਣ ਵੀ ਬੇਕਾਰ ਖੜ੍ਹੀ ਹੈ। ਇਸ ਮਗਰੋਂ ਅਫਸਰਾਂ ਨੇ ਗਲਤੀ ’ਤੇ ਪਰਦਾ ਪਾਉਣ ਲਈ ਨਵਾਂ ਪ੍ਰਾਜੈਕਟ ਤਿਆਰ ਕਰ ਲਿਆ ਕਿ ਜਲਾਲ ਤੋਂ ਦਿਆਲਪੁਰਾ ਭਾਈਕਾ ਤੱਕ 66 ਕੇਵੀ ਲਾਈਨ ਖਿੱਚੇ ਜਾਣ ਦੀ ਲੋੜ ਹੈ ਜਦਕਿ ਇਹ ਲਾਈਨ ਪਹਿਲਾਂ ਹੀ ਪਾਈ ਜਾ ਚੁੱਕੀ ਸੀ।
ਪਹਿਲਾਂ ਗਲਤ ਖਿੱਚੀ ਲਾਈਨ ਨੂੰ ਰੈਗੂਲਰ ਕਰਾਉਣ ਵਾਸਤੇ 28 ਜੂਨ 2017 ਨੂੰ ਰੂਟ ਪਲਾਨ ਪਾਸ ਹੋਇਆ ਤੇ ਵਰਕ ਆਰਡਰ 4 ਜੁਲਾਈ 2017 ਨੂੰ ਹੋਇਆ। ਪੜਤਾਲ ’ਚ ਪਾਇਆ ਗਿਆ ਕਿ ਜਲਾਲ ਤੋਂ ਦਿਆਲਪੁਰਾ ਭਾਈਕਾ ਤੱਕ ਬਿਨਾਂ ਲੋੜ ਤੋਂ ਖਿੱਚੀ ਬਿਜਲੀ ਲਾਈਨ ਨਾਲ ਪਾਵਰਕੌਮ ਨੂੰ 2.95 ਕਰੋੜ ਦਾ ਨੁਕਸਾਨ ਹੋਇਆ ਹੈ। ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਵੱਡੇ ਟਾਵਰ ਲਾਏ ਗਏ ਹਨ, ਉਹ ਵੀ ਹੁਣ ਰੌਲਾ ਪਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਖੇਤਾਂ ਦਾ ਨੁਕਸਾਨ ਹੋ ਗਿਆ ਹੈ। ਪਾਵਰਕੌਮ ਵੱਲੋਂ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।
ਪੜਤਾਲ ਅਨੁਸਾਰ ਟਰਾਂਸਮਿਸ਼ਨ ਵਿੰਗ ਵਿੱਚ ਬੋਗਸ ਸਰਵੇ ਹੋਣ ਦੇ ਤੱਥ ਵੀ ਉਭਰੇ ਹਨ। ਗਲਤ ਲਾਈਨ ਖਿੱਚੇ ਜਾਣ ਦੇ ਮਾਮਲੇ ਵਿੱਚ ਬਠਿੰਡਾ ਦੀ ਭੰਡਾਰੀ ਇੰਜਨੀਅਰ ਕੰਪਨੀ ਵੀ ਕਟਹਿਰੇ ਵਿੱਚ ਖੜ੍ਹੀ ਹੈ ਜਿਸ ਵੱਲੋਂ ਬੋਗਸ ਬਿੱਲ ਕਲੇਮ ਕੀਤਾ ਗਿਆ ਜਦਕਿ ਇਸ ਕੰਪਨੀ ਨੇ ਕੋਈ ਸਰਵੇ ਕੀਤਾ ਹੀ ਨਹੀਂ। ਇਸੇ ਤਰ੍ਹਾਂ ਸ਼ਿਵ ਇੰਟਰਪ੍ਰਾਈਜ਼ਿਜ਼ ਅੰਬਾਲਾ ਨੂੰ ਜਲਾਲ ਤੋਂ ਦਿਆਲਪੁਰਾ ਭਾਈਕਾ ਸਰਵੇ ਕਰਨ ਲਈ ਵਰਕ ਆਰਡਰ ਦਿੱਤਾ ਗਿਆ ਸੀ ਪਰ ਫਰਮ ਨੇ ਜੋ ਰੂਟ ਪਲਾਨ ਲਾਈਨ ਡਾਇਗ੍ਰਾਮ ਪੇਸ਼ ਕੀਤੀ, ਉਸ ਵਿੱਚ ਤਜਵੀਜ਼ਤ ਰੂਟ ਪਲਾਨ ਜਲਾਲ ਤੋਂ ਦਿਆਲਪੁਰਾ ਮਿਰਜ਼ਾ ਲਿਖਿਆ ਗਿਆ। ਇਹ ਵੀ ਸਰਵੇ ਬੋਗਸ ਪਾਇਆ ਗਿਆ ਹੈ। ਪੜਤਾਲ ਰਿਪੋਰਟ ’ਚ ਟਰਾਂਸਮਿਸ਼ਨ ਵਿੰਗ ਦੇ ਜਿਨ੍ਹਾਂ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ, ਉਨ੍ਹਾਂ ਵਿੱਚ ਉਦੇਦੀਪ ਸਿੰਘ ਢਿੱਲੋਂ, ਪ੍ਰਵੀਨ ਜੈਨ ਤੇ ਰਣਜੀਤ ਸਿੰਘ (ਸਾਰੇ ਸੀਨੀਅਰ ਐਕਸੀਅਨ), ਧਰਮਵੀਰ ਸਿੰਘ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ ਠਾਕੁਰ, ਅਰਸ਼ਦੀਪ ਸਿੰਘ ਸੇਠੀ ਤੇ ਕੰਵਲਪ੍ਰੀਤ ਸਿੰਘ (ਸਾਰੇ ਐੱਸਡੀਓ), ਦਰਸ਼ਨ ਲਾਲ (ਹੁਣ ਸੇਵਾਮੁਕਤ), ਅਵਤਾਰ ਸਿੰਘ ਤੇ ਗੁਰਜੰਟ ਸਿੰਘ (ਜੂਨੀਅਰ ਇੰਜਨੀਅਰ) ਸਾਧੂ ਸਿੰਘ ਹੈੱਡ ਡਰਾਫਟਮੈਨ, ਪਵਿੱਤਰ ਸਿੰਘ ਮੁੱਖ ਡਰਾਫਟਮੈਨ (ਦੋਵੇਂ ਸੇਵਾਮੁਕਤ) ਸ਼ਾਮਿਲ ਹਨ। ਬਠਿੰਡਾ ਦੀ ਭੰਡਾਰੀ ਇੰਜਨੀਅਰਿੰਗ ਕੰਪਨੀ ਅਤੇ ਮੈਸਰਜ਼ ਸ਼ਿਵ ਇੰਟਰਪ੍ਰਾਈਜ਼ਿਜ਼ ਮੌਲਾਨਾ (ਅੰਬਾਲਾ) ਖ਼ਿਲਾਫ ਕਾਨੂੰਨੀ ਕਾਰਵਾਈ ਸਿਫਾਰਸ਼ ਕੀਤੀ ਗਈ ਹੈ।

Radio Mirchi