ਪਿਆਜ਼ ਮਹਿੰਗੇ ਹੋਣ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਸਰਕਾਰ ਘੇਰੀ
ਲੋਕ ਸਭਾ ਵਿੱਚ ਅੱਜ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਦੇਸ਼ ਅੰਦਰ ਪਿਆਜ਼ ਦੀਆਂ ਵਧੀਆਂ ਕੀਮਤਾਂ ਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਨਿਰਮਲਾ ਸੀਤਾਰਾਮਨ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਬਹਿਸ ਹੁੰਦੀ ਰਹੀ।
ਲੋਕ ਸਭਾ ਵਿੱਚ ਅੱਜ ਸਿਫਰ ਕਾਲ ਦੌਰਾਨ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦੇਸ਼ ਅੰਦਰ ਪਿਆਜ਼ਾਂ, ਸਬਜ਼ੀਆਂ ਤੇ ਦਾਲਾਂ ਸਮੇਤ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹੇ ਪਏ ਹਨ। ਕੇਂਦਰ ਸਰਕਾਰ 67 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੀ ਦਰਾਮਦ ਕਰ ਰਹੀ ਹੈ ਪਰ ਇਹ ਪਿਆਜ਼ ਅੱਗੇ ਬਾਜ਼ਾਰ ਵਿੱਚ 130-140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਆਮ ਵਸਤਾਂ ਦੀ ਕੀਮਤਾਂ ਘਟਾਉਣ ਲਈ ਠੋਸ ਕਦਮ ਨਹੀਂ ਚੁੱਕ ਰਹੀ। ਇਸੇ ਦੌਰਾਨ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, ‘ਅਧੀਰ ਰੰਜਨ ਪਹਿਲਾਂ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਬਾਰੇ ਕੀਤੀ ਟਿੱਪਣੀ ਬਾਰੇ ਸਦਨ ਤੋਂ ਮੁਆਫ਼ੀ ਮੰਗਣ। ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ।’