ਪੀਐੱਮਸੀ: ਸੀਤਾਰਾਮਨ ਵੱਲੋਂ ਖਾਤਾਧਾਰਕਾਂ ਨੂੰ ਮਦਦ ਦਾ ਭਰੋਸਾ
ਪੰਜਾਬ ਅਤੇ ਮਹਾਰਾਸ਼ਟਰਾ ਕੋਆਪਰੇਟਿਵ (ਪੀਐੱਮਸੀ) ਬੈਂਕ ਦੇ ਖਾਤਾਧਾਰਕਾਂ ਦੇ ਵਿਰੋਧ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਆਰਬੀਆਈ ਦੇ ਗਵਰਨਰ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਇਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਪੀਐੱਮਸੀ ਬੈਂਕ ਵਿੱਚ ਘੁਟਾਲੇ ਕਾਰਨ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਬੈਂਕ ਵਿੱਚ ਜਮ੍ਹਾਂ-ਨਿਕਾਸੀ ’ਤੇ ਰੋਕ ਲਾ ਦਿੱਤੀ ਸੀ। ਵਿੱਤ ਮੰਤਰੀ ਸੀਤਾਰਾਮਨ ਨੇ ਟਵੀਟ ਰਾਹੀਂ ਕਿਹਾ, ‘‘ਪੀਐੱਮਸੀ ਬੈਂਕ ਮਾਮਲੇ ਸਬੰਧੀ ਆਰਬੀਆਈ ਗਵਰਨਰ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਮੈਨੂੰ ਭਰੋਸਾ ਦਿੱਤਾ ਕਿ ਗਾਹਕਾਂ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਤਰਜੀਹ ਦਿੱਤੀ ਜਾਵੇਗੀ। ਮੈਂ ਫਿਰ ਦੁਹਰਾਉਣਾ ਚਾਹੁੰਦੀ ਹਾਂ ਕਿ ਵਿੱਤ ਮੰਤਰਾਲਾ ਯਕੀਨੀ ਬਣਾਏਗਾ ਕਿ ਖ਼ਾਤਾਧਾਰਕਾਂ ਦੀਆਂ ਸਮੱਸਿਆਵਾਂ ਨੂੰ ਠੀਕ ਢੰਗ ਨਾਲ ਹੱਲ ਕੀਤਾ ਜਾਵੇ। ਅਸੀਂ ਖ਼ਾਤਾਧਾਰਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਾਂ।’’ ਪੀਐੱਮਸੀ ਨੇ ਰੀਅਲ ਅਸਟੇਟ ਕੰਪਨੀ ਐੱਚਡੀਆਈਐੱਲ ਨੂੰ ਕਰਜ਼ ਦਿੱਤਾ ਸੀ, ਜੋ ਬਾਅਦ ਵਿੱਚ ਦੀਵਾਲੀਆ ਹੋ ਗਈ। ਇਸ ਮਗਰੋਂ ਕੇਂਦਰੀ ਬੈਂਕ ਨੇ ਪੀਐੱਮਸੀ ਲਈ ਜਮ੍ਹਾਂ-ਨਿਕਾਸੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਬੀਤੇ ਦਿਨੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਤਾਰਾਮਨ ਨੇ ਕਿਹਾ ਸੀ, ‘‘ਵਿੱਤ ਮੰਤਰਾਲੇ ਦਾ ਇਸ ਮਾਮਲੇ ਨਾਲ ਕੋਈ ਲਾਗਾ-ਦੇਗਾ ਨਹੀਂ ਕਿਉਂਕਿ ਕੋਆਪਰੇਟਿਵ ਬੈਂਕਾਂ ਦੀ ਨਿਗਰਾਨੀ ਆਰਬੀਆਈ ਕਰਦੀ ਹੈ।’’ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਜੇ ਲੋੜ ਪਈ ਤਾਂ ਵਿੱਤ ਮੰਤਰਾਲੇ ਵੱਲੋਂ ਜ਼ਰੂਰੀ ਕਦਮ ਚੁੱਕੇ ਜਾਣਗੇ।