ਪੀਐੱਸਏ: ਨਜ਼ਰਬੰਦੀ ਦਾ ਕਾਰਨ ਉਮਰ ਦਾ ਪ੍ਰਭਾਵਸ਼ਾਲੀ ਹੋਣਾ
ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਖ਼ਿਲਾਫ਼ ਪਬਲਿਕ ਸੇਫਟੀ ਐਕਟ (ਪੀਐੱਸਏ) ਲਾਏ ਜਾਣ ਦਾ ਕਾਰਨ ਅੰਦਰੂਨੀ ਪਾਰਟੀ ਮੀਟਿੰਗਾਂ ਅਤੇ ਵੱਡਾ ਸੋਸ਼ਲ ਮੀਡੀਆ ਪ੍ਰਭਾਵ ਦੱਸਿਆ ਹੈ ਜਦਕਿ ਮਹਿਬੂਬਾ ਮੁਫ਼ਤੀ ਦੇ ਵੱਖਵਾਦੀਆਂ-ਪੱਖੀ ਸਟੈਂਡ ਤੇ ਸਰਕਾਰ ਖ਼ਿਲਾਫ਼ ਟਿੱਪਣੀਆਂ ਕਾਰਨ ਉਸ ਵਿਰੁਧ ਪੀਐੱਸਏ ਲਾਇਆ ਗਿਆ ਹੈ। ਉਮਰ ਦਾ ਲੋਕਾਂ ਵਿਚ ‘ਕਾਫੀ ਪ੍ਰਭਾਵਸ਼ਾਲੀ’ ਹੋਣਾ ਅਤੇ ਲੋਕਾਂ ਨੂੰ ਕਿਸੇ ਵੀ ਕਾਰਜ ਲਈ ਇਕੱਠੇ ਕਰਨ ਦੀ ਸਮਰੱਥਾ ਰੱਖਣਾ ਵੀ ਪੀਐੱਸਏ ਦਸਤਾਵੇਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਵਰ੍ਹੇ 5 ਅਗਸਤ ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਕੀਤੇ ਐਲਾਨ ਮੌਕੇ 49 ਵਰ੍ਹਿਆਂ ਦੇ ਉਮਰ ਅਤੇ 60 ਵਰ੍ਹਿਆਂ ਦੀ ਮਹਿਬੂਬਾ ਨੂੰ ਚੌਕਸੀ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਦੀ ਬੀਤੀ 6 ਫਰਵਰੀ ਨੂੰ ਚੌਕਸੀ ਵਜੋਂ ਹਿਰਾਸਤ ਮੁੱਕਣ ਤੋਂ ਕੁਝ ਹੀ ਘੰਟੇ ਪਹਿਲਾਂ ਦੋਵਾਂ ਨੂੰ ਪੀਐੱਸਏ ਤਹਿਤ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ। ਨਿਯਮਾਂ ਅਨੁਸਾਰ ਚੌਕਸੀ ਵਜੋਂ ਨਜ਼ਰਬੰਦੀ ਵਿਚ ਛੇ ਮਹੀਨਿਆਂ ਤੋਂ ਬਾਅਦ ਤਾਂ ਹੀ ਵਾਧਾ ਕੀਤਾ ਜਾ ਸਕਦਾ ਹੈ ਜੇਕਰ 180 ਦਿਨ ਪੂਰੇ ਹੋਣ ਤੋਂ ਦੋ ਹਫ਼ਤੇ ਪਹਿਲਾਂ ਕਾਇਮ ਕੀਤਾ ਸਲਾਹਕਾਰੀ ਬੋਰਡ ਇਸ ਦੀ ਸਿਫ਼ਾਰਿਸ਼ ਕਰੇ। ਅਜਿਹੇ ਬੋਰਡ ਦਾ ਗਠਨ ਨਹੀਂ ਕੀਤਾ ਗਿਆ ਸੀ , ਜਿਸ ਕਰਕੇ ਜੰਮੂ ਕਸ਼ਮੀਰ ਪ੍ਰਸ਼ਾਸਨ ਕੋਲ ਦੋ ਹੀ ਰਾਹ ਬਚੇ ਸਨ— ਦੋਹਾਂ ਨੂੰ ਰਿਹਾਅ ਕੀਤਾ ਜਾਵੇ ਜਾਂ ਪੀਐੱਸਏ ਲਗਾ ਦਿੱਤੀ ਜਾਵੇ। ਉਮਰ ਖ਼ਿਲਾਫ਼ ਤਿੰਨ ਸਫ਼ਿਆਂ ਦੇ ਪੀਐੱਸਏ ਦਸਤਾਵੇਜ਼ ਵਿੱਚ ਜੁਲਾਈ ਵਿੱਚ ਨੈਸ਼ਨਲ ਕਾਨਫਰੰਸ ਦੀਆਂ ਹੋਈਆਂ ਕੁਝ ਅੰਦਰੂਨੀ ਮੀਟਿੰਗਾਂ ਨੂੰ ਕਾਰਨ ਦੱਸਿਆ ਗਿਆ ਹੈ। ਉਮਰ ’ਤੇ ਦੋਸ਼ ਹਨ ਕਿ ਉਨ੍ਹਾਂ ਨੇ ਇਨ੍ਹਾਂ ਮੀਟਿੰਗਾਂ ਵਿੱਚ ਆਖਿਆ ਸੀ ਕਿ ਸਹਿਯੋਗ ਲਈ ਲਾਮਬੰਦੀ ਦੀ ਵੱਡੀ ਲੋੜ ਹੈ ਤਾਂ ਜੋ ਕੇਂਦਰ ਸਰਕਾਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ ਨਾ ਹਟਾ ਸਕੇ। ਐੱਨਸੀ ਆਗੂ ਦਾ ਲੋਕਾਂ ਵਿਚ ‘ਕਾਫੀ ਪ੍ਰਭਾਵਸ਼ਾਲੀ’ ਹੋਣਾ ਅਤੇ ਲੋਕਾਂ ਨੂੰ ਕਿਸੇ ਵੀ ਕਾਰਜ ਲਈ ਇਕੱਠੇ ਕਰਨ ਦੀ ਸਮਰੱਥਾ ਰੱਖਣਾ ਵੀ ਪੀਐੱਸਏ ਦਸਤਾਵੇਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਉਮਰ ਦੀ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤੇ ਜਾਣ ਦੇ ਬਾਵਜੂਦ ਵੋਟਰਾਂ ਨੂੰ ਮਤਦਾਨ ਕੇਂਦਰਾਂ ’ਤੇ ਲਿਆਉਣ ਦੀ ਸਮਰੱਥਾ ਰੱਖਣਾ ਵੀ ਸ਼ਾਮਲ ਹੈ। ਪੁਲੀਸ ਨੇ ਉਮਰ ’ਤੇ ਇਹ ਵੀ ਦੋਸ਼ ਲਾਇਆ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਸੀ, ਜੋ ਨੌਜਵਾਨਾਂ ਦੀ ਲਾਮਬੰਦੀ ਕਰਨ ਦੀ ਵੱਡੀ ਸਮਰੱਥਾ ਰੱਖਦਾ ਹੈ। ਹਾਲਾਂਕਿ ਪੁਲੀਸ ਨੇ ਇਸ ਦਸਤਾਵੇਜ਼ ਵਿੱਚ ਉਮਰ ਦੀ ਕਿਸੇ ਵੀ ਸੋਸ਼ਲ ਮੀਡੀਆ ਪੋਸਟ ਦਾ ਜ਼ਿਕਰ ਨਹੀਂ ਕੀਤਾ ਹੈ। ਉਮਰ ਨੂੰ ਹਰੀ ਨਿਵਾਸ ਵਿੱਚ ਨਜ਼ਰਬੰਦ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਆਖਰੀ ਕੁਝ ਟਵੀਟਾਂ ਵਿੱਚੋਂ ਇੱਕ ਵਿੱਚ ਕਿਹਾ ਸੀ, ‘‘ਕਸ਼ਮੀਰ ਵਾਸੀਓ, ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਵੇਗਾ…ਤੁਸੀਂ ਸੁਰੱਖਿਅਤ ਰਹਿਣਾ ਅਤੇ ਸਭ ਤੋਂ ਵੱਡੀ ਗੱਲ ਸ਼ਾਂਤ ਰਹਿਣਾ।’’
ਪੀਐੱਸਏ ਦਸਤਾਵੇਜ਼ਾਂ ਵਿੱਚ ਮਹਿਬੂਬਾ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਭਾਰਤ ਵਿੱਚ ਰਲੇਵਾਂ ਕੀਤੇ ਜਾਣ ਦੀ ਸੂਰਤ ਵਿੱਚ ਉਸ ਨੂੰ ਚੁਣੌਤੀ ਦਿੱਤੇ ਜਾਣ ਦੀਆਂ ਟਿਪੱਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਵਲੋਂ ਸੁਰੱਖਿਆ ਬਲਾਂ ਵਲੋਂ ਦਹਿਸ਼ਤਗਰਦਾਂ ਨੂੰ ਮਾਰੇ ਜਾਣ ਸਬੰਧੀ ਕੀਤੀਆਂ ਟਿੱਪਣੀਆਂ ਵੀ ਇਸ ਦਸਤਾਵੇਜ਼ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਕੇਂਦਰ ਵਲੋਂ ਜਮਾਤ-ਏ-ਇਸਲਾਮੀਆ ਨੂੰ ਪਾਬੰਦੀਸ਼ੁਦਾ ਸੰਗਠਨ ਐਲਾਨੇ ਜਾਣ ਤੋਂ ਬਾਅਦ ਵੀ ਮਹਿਬੂਬਾ ਵਲੋਂ ਸੰਗਠਨ ਨੂੰ ਦਿੱਤੇ ਸਹਿਯੋਗ ਦਾ ਵੀ ਦਸਤਾਵੇਜ਼ ਵਿੱਚ ਜ਼ਿਕਰ ਹੈ।