ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਸਰਕਾਰ ਖਿਲਾਫ਼ ਗੁੱਸਾ ਉਬਾਲੇ ਖਾਣ ਲੱਗਾ ਹੈ। ਕਿਸਾਨ ਗਾਜ਼ੀਪੁਰ ਸਰਹੱਦ ’ਤੇ ਮੁੱਖ ਸੜਕ ਨੂੰ ਬੰਦ ਕੀਤੇ ਜਾਣ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭੇਜੇ ਨੋਟਿਸਾਂ ਤੋਂ ਖਫ਼ਾ ਹਨ। ਕਿਸਾਨ ਆਗੂਆਂ ਨੇ ਪੁਲੀਸ ਤੇ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਿਆਂ ਕਿਹਾ ਕਿ ‘ਦੋਵਾਂ ਨੇ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਉਲੰਘ’ ਦਿੱਤੀਆਂ ਹਨ। ਕਿਸਾਨ ਆਗੂਆਂ ਨੇ ਅੱਜ ਗਾਜ਼ੀਪੁਰ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਵੱਲੋਂ 26 ਜਨਵਰੀ ਹਿੰਸਾ ਮਾਮਲੇ ’ਚ ਪ੍ਰਦਰਸ਼ਨਕਾਰੀਆਂ (ਕਿਸਾਨਾਂ ਤੇ ਕਿਸਾਨ ਆਗੂਆਂ) ਨੂੰ ਭੇਜੇ ਨੋਟਿਸਾਂ ’ਤੇ ਨਾਖੁ਼ਸ਼ੀ ਜ਼ਾਹਿਰ ਕੀਤੀ। ਕਿਸਾਨ ਆਗੂਆਂ ਨੇ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੂੰ ਨੋਟਿਸ ਮਿਲੇ ਹਨ, ਉਹ ਬਿਨਾਂ ਵਕੀਲ ਦੇ ਪੁਲੀਸ/ਜਾਂਚ ਏਜੰਸੀ ਅੱਗੇ ਪੇਸ਼ ਨਾ ਹੋਣ। ਇਸ ਦੌਰਾਨ ਕਿਸਾਨ ਅੰਦੋਲਨ ਦੇ ਤਿੰਨ ਮਹੀਨੇ ਪੂਰੇ ਹੋਣ ’ਤੇ ਕਿਸਾਨ ਭਲਕੇ ਦਿੱਲੀ ਦੇ ਮੋਰਚਿਆਂ ’ਤੇ ‘ਯੁਵਾ ਕਿਸਾਨ ਦਿਵਸ’ ਮਨਾਉਣਗੇ। ਉਧਰ ਸੰਯੁਕਤ ਕਿਸਾਨ ਮੋਰਚੇ ਨੇ ਟਰਾਂਸਪੋਰਟ ਤੇ ਟਰੇਡ ਯੂਨੀਅਨਾਂ ਵੱਲੋਂ 26 ਫਰਵਰੀ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ’ਚ ਕਿਸਾਨਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ, ‘ਪੁਲੀਸ ਤੇ ਕੇਂਦਰ ਸਰਕਾਰ ਤਾਨਾਸ਼ਾਹੀ ਦੀਆਂ ਸਾਰੀਆਂ ਹੱਦਾਂ ਬੰਨ੍ਹੇ ਟੱਪ ਗਈ ਹੈ। ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹੀ ਕੰਮ ਕਰ ਰਹੀ ਹੈ, ਜਿਸ ਨੂੰ ਲੈ ਕੇ ਸਾਡੇ ਸਾਰੇ ਸਾਥੀਆਂ ’ਚ ਗੁੱਸਾ ਹੈ।’ ਬਾਜਵਾ ਨੇ ਇਕ ਮਿਸਾਲ ਦਿੰਦਿਆਂ ਕਿਹਾ, ‘ਇਕ ਮਹਿਲਾ ਨੂੰ ਵੀ ਨੋਟਿਸ ਮਿਲਿਆ ਹੈ, ਜੋ ਦਿੱਲੀ ’ਚ ਕੰਮ ਕਰਦੀ ਹੈ। ਮਹਿਜ਼ ਇਸ ਲਈ ਕਿ ਉਸ ਦਾ ਫੋਨ ਗਣਤੰਤਰ ਦਿਵਸ ਨੂੰ ਉਸ ਇਲਾਕੇ ’ਚ ਸਰਗਰਮ ਸੀ, ਉਸ ਨੂੰ ਨੋਟਿਸ ਭੇਜ ਦਿੱਤਾ।’ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਕਿ ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ, ਉਹ ਗ੍ਰਿਫ਼ਤਾਰੀ ਤੋਂ ਮਨ੍ਹਾਂ ਕਰਨ ਤੇ ਬਿਨਾਂ ਵਕੀਲ ਦੇ ਜਾਂਚ ਵਿੱਚ ਸ਼ਾਮਲ ਨਾ ਹੋਣ। ਆਗੂਆਂ ਨੇ ਕਿਹਾ ਕਿ ਕਿਸਾਨਾਂ ਲਈ ਵਕੀਲਾਂ ਦੀ ਟੀਮ ਤਿਆਰ ਕੀਤੀ ਹੈ, ਜੋ ਇਨ੍ਹਾਂ ਨੋਟਿਸਾਂ ਦਾ ਜਵਾਬ ਦੇਵੇਗੀ। ਗਾਜ਼ੀਪੁਰ ਬਾਰਡਰ ’ਤੇ ਬੈਠੇ ਆਗੂਆਂ ਨੇ ਦਾਅਵਾ ਕੀਤਾ ਕਿ ਸੌ ਤੋਂ ਵੱਧ ਕਿਸਾਨਾਂ ਨੂੰ ਨੋਟਿਸ ਭੇਜੇ ਗੲੇ ਹਨ ਜਦੋਂਕਿ ਦਿੱਲੀ ਹਿੰਸਾ ਨੂੰ ਕਥਿਤ ਹੱਲਾਸ਼ੇਰੀ ਦੇਣ ਲਈ ਦੇਸ਼ ਭਰ ਵਿੱਚ 1700 ਕਿਸਾਨਾਂ ਨੂੰ ਨੋਟਿਸ ਭੇਜੇ ਗਏ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਤੋਂ ਦਸ ਵਕੀਲਾਂ ਦਾ ਪੈਨਲ ਗਾਜ਼ੀਪੁਰ ਆ ਰਿਹਾ ਹੈ, ਜੋ ਕਿਸਾਨਾਂ ਦੀ ਪੈਰਵੀ ਕਰੇਗਾ। ਸੰਯੁਕਤ ਕਿਸਾਨ ਮੋਰਚਾ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀਆਂ ਸਰਗਰਮੀਆਂ ਨੂੰ ਕੇਂਦਰ ਬਿੰਦੂ ਵਿੱਚ ਲਿਆਉਣ ਲਈ ਅਤੇ ਅੰਦੋਲਨ ਦੇ 3 ਮਹੀਨੇ ਪੂਰੇ ਹੋਣ ਕਰਕੇ ‘ਯੁਵਾ ਕਿਸਾਨ ਦਿਵਸ’ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਦਿੱਲੀ ਦੇ ਸਾਰੇ ਕਿਸਾਨ ਧਰਨਿਆਂ ਵਾਲੀਆਂ ਸਟੇਜਾਂ ਨੌਜਵਾਨਾਂ ਨੂੰ ਸੌਂਪੀਆਂ ਜਾਣਗੀਆਂ ਅਤੇ ਨੌਜਵਾਨ ਬੁਲਾਰਿਆਂ ਵੱਲੋਂ ਕਾਲੇ ਕਾਨੂੰਨਾਂ ਬਾਰੇ ਤਫ਼ਸੀਲ ’ਚ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੇਸ਼ ਭਰ ਦੇ ਨੌਜਵਾਨ ਕਿਸਾਨਾਂ ਨੂੰ ਸਨਮਾਨਪੂਰਬਕ ਦਿੱਲੀ ਦੇ ਬਾਰਡਰਾਂ ’ਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ਨੌਜਵਾਨ ਕਿਸਾਨ ਧਰਨਿਆਂ ਵਿੱਚ ਸ਼ਾਮਲ ਹੋ ਕੇ ਆਪਣੇ ਹਾਂ-ਪੱਖੀ ਵਿਚਾਰ ਸਾਂਝੇ ਕਰਨ। ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਇਲਾਵਾ ਪਲਵਲ ਧਰਨੇ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਮੋਰਚੇ ਦੀਆਂ ਹਦਾਇਤਾਂ ਮੁਤਾਬਕ ਯੁਵਾ ਕਿਸਾਨ ਦਿਵਸ ਮਨਾਇਆ ਜਾਵੇਗਾ।

Radio Mirchi