ਪੁੱਤਰ ਮੋਹ ਅੱਗੇ ਬੇਵੱਸ ਹੋਏ ਵੱਡੇ ਬਾਦਲ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੱਖ ਵੱਖ ਮੋਰਚਿਆਂ ਵਿਚ ਸਾਥ ਦੇਣ ਵਾਲੇ ਗਰਚਾ ਪਰਿਵਾਰ ਨੇ ਅੱਜ ਵੱਡੇ ਬਾਦਲ ਨੂੰ ਅਲਵਿਦਾ ਕਹਿ ਕੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿਚ ਰੱਖੇ ਸਮਾਗਮ ਦੌਰਾਨ ਵੱਡੇ ਬਾਦਲ ਦੇ ਨਜ਼ਦੀਕੀ ਸਾਥੀ ਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਮਾਨ ਸਿੰਘ ਗਰਚਾ, ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਗਦੀਸ਼ ਸਿੰਘ ਗਰਚਾ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਕੀਲ ਹਰਪ੍ਰੀਤ ਸਿੰਘ ਗਰਚਾ ਨੇ ਸੈਂਕੜੇ ਪੰਚਾਂ, ਸਰਪੰਚਾਂ ਤੇ ਅਕਾਲੀ ਦਲ ਦੇ ਵਰਕਰਾਂ ਸਮੇਤ ਸੁਖਦੇਵ ਸਿੰਘ ਢੀਂਡਸਾ ਨਾਲ ਤੁਰਨ ਦਾ ਐਲਾਨ ਕੀਤਾ। ਢੀਂਡਸਾ ਪਿਓ-ਪੁੱਤ ਨੇ ਸਾਰਿਆਂ ਦਾ ਸਿਰੋਪੇ ਪਾ ਕੇ ਸਵਾਗਤ ਕੀਤਾ ਤੇ ਬਾਦਲ ਪਰਿਵਾਰ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਜ਼ਾਦ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਗਾਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦੇ ਖ਼ਜ਼ਾਨੇ ਦੀ ਦੁਰਵਰਤੋਂ ਕਰ ਰਿਹਾ ਹੈ।
ਸਮਾਗਮ ਦੌਰਾਨ ਮਾਨ ਸਿੰਘ ਗਰਚਾ ਤੇ ਜਗਦੀਸ਼ ਸਿੰਘ ਗਰਚਾ ਨੇ ਆਖਿਆ ਕਿ ਉਨ੍ਹਾਂ ਨੇ ਮਾੜੇ ਸਮੇਂ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ, ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਇੱਜ਼ਤ-ਮਾਣ ਮਿਲਦਾ ਰਿਹਾ ਪਰ ਜਦੋਂ ਤੋਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਸੌਂਪੀ ਹੈ, ਉਦੋਂ ਤੋਂ ਅਕਾਲੀ ਦਲ ਵਿਚ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ। ਇਸ ਮਗਰੋਂ ਗਰਚਾ ਪਰਿਵਾਰ ਨੇ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਸੀ। ਹੁਣ ਸੁਖਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ।
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪੁੱਤਰ ਮੋਹ ਕਾਰਨ ਕੁਰਬਾਨੀਆਂ ਦੇ ਕੇ ਖੜ੍ਹੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ‘ਨਾਕਾਬਲ’ ਆਗੂ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਪ੍ਰਧਾਨ ਬਣਾਉਣ ਮਗਰੋਂ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਪੁਰਾਣੇ ਆਗੂਆਂ ਦਾ ਅਪਮਾਨ ਹੋਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਲਿਆ ਜਾਵੇਗਾ। ਇਸ ਲਈ ਸਿੱਖ ਧਰਮ ਦੇ ਹਮਖ਼ਿਆਲੀ ਆਗੂ ਇਕੋ ਸਟੇਜ ’ਤੇ ਇਕੱਠੇ ਹੋ ਰਹੇ ਹਨ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਜੋ ਦੁਰਵਰਤੋਂ ਕੀਤੀ ਜਾਂਦੀ ਹੈ, ਉਸ ਸਬੰਧੀ ਉਹ ਅਕਾਲ ਤਖ਼ਤ ਨੂੰ ਚਿੱਠੀ ਲਿਖਣਗੇ ਤਾਂ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ, ਉਦੋਂ ਤੱਕ ਕਮੇਟੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਉਮੀਦ ਜਤਾਈ ਕਿ ਇਸ ਸਾਲ ਦੇ ਅੰਤ ਤੱਕ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਣਗੀਆਂ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾਅਵਾ ਕਰਦੇ ਹਨ ਕਿ ਢੀਂਡਸਾ ਪਿਓ-ਪੁੱਤ ਨੂੰ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ, ਜਦਕਿ ਉਨ੍ਹਾਂ ਨੂੰ ਅਜੇ ਤਕ ਅਕਾਲੀ ਦਲ ਵਿਚੋਂ ਮੁਅੱਤਲ ਕਰਨ ਤੋਂ ਲੈ ਕੇ ਕੱਢਣ ਤੱਕ ਦਾ ਕੋਈ ਵੀ ਨੋਟਿਸ ਨਹੀਂ ਭੇਜਿਆ ਗਿਆ। ਅੱਜ ਪਿੰਡ ਹਿੱਸੋਵਾਲ ਤੋਂ ਜਥੇਦਾਰ ਰਾਜਵਿੰਦਰ ਸਿੰਘ ਹਿੱਸੋਵਾਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।