ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਹਿਜ ਪਾਠ ਨਾਲ ਆਰੰਭਤਾ ਅੱਜ

ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਹਿਜ ਪਾਠ ਨਾਲ ਆਰੰਭਤਾ ਅੱਜ

ਜਲੰਧਰ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਚ ਪਵਿੱਤਰ ਕਾਲੀ ਵੇਈਂ ਕੰਢੇ ਸਥਾਪਤ ਕੀਤੇ ਮੁੱਖ ਪੰਡਾਲ ਦੇ ‘ਗੁਰੂ ਨਾਨਕ ਦਰਬਾਰ’ ਵਿਚ ਸਵੇਰੇ 11 ਵਜੇ ਸ੍ਰੀ ਸਹਿਜ ਪਾਠ ਨਾਲ ਆਰੰਭ ਹੋਣਗੇ, ਜਿਨ੍ਹਾਂ ਦੇ 12 ਨਵੰਬਰ ਨੂੰ ਮੁੱਖ ਪੰਡਾਲ ਵਿਚ ਹੀ ਭੋਗ ਪਾਏ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਰੇ ਕੈਬਨਿਟ ਮੰਤਰੀ ਤੇ ਵਿਧਾਇਕ ਸਮਾਗਮਾਂ ਦੀ ਆਰੰਭਤਾ ਮੌਕੇ ਸ਼ਮੂਲੀਅਤ ਕਰਨਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਤ ਸਮਾਜ ਤੇ ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸੇਵਾ ਨਿਭਾ ਕੇ ਪੂਰਨ ਗੁਰ ਮਰਿਆਦਾ ਅਨੁਸਾਰ ਸ੍ਰੀ ਸਹਿਜ ਪਾਠ ਦੀ ਆਰੰਭਤਾ ਕਰਵਾਈ ਜਾਵੇਗੀ। ਸਵੇਰੇ 11 ਵਜੇ ਪ੍ਰਸਿੱਧ ਸੂਫ਼ੀ ਗਾਇਕਾ ਹਰਸ਼ਦੀਪ ਕੌਰ ਵਲੋਂ ਸ਼ਬਦ ਗਾਇਨ ਕੀਤਾ ਜਾਵੇਗਾ, ਜਿਸ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰ ਮਰਿਆਦਾ ਨਾਲ ਆਪਣੇ ਅਸਥਾਨ ’ਤੇ ਬਿਰਾਜਮਾਨ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਪਰੰਤ ਹੁਕਮਨਾਮੇ ਪਿੱਛੋਂ ਰਾਗੀ ਸਿੰਘਾਂ ਵਲੋਂ ਛੇ ਪਾਉੜੀਆਂ ਦਾ ਪਾਠ ਹੋਵੇਗਾ। ਗ੍ਰੰਥੀ ਸਿੰਘਾਂ ਵਲੋਂ ਲਗਭਗ 12 ਵਜੇ ਆਰੰਭਤਾ ਦੀ ਅਰਦਾਸ ਕੀਤੀ ਜਾਵੇਗੀ। ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਤ ਸਮਾਜ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਸੇ ਦੌਰਾਨ ਅੱਜ ਸਮਾਗਮਾਂ ਦੀ ਆਰੰਭਤਾ ਬਾਰੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਕੈਪਟਨ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਨੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ। ਉਨ੍ਹਾਂ ਦੱਸਿਆ ਕਿ ਸਮਾਗਮਾਂ ਲਈ ਸਾਰੇ ਪ੍ਰਬੰਧ ਬਿਲਕੁਲ ਮੁਕੰਮਲ ਹਨ ਅਤੇ ਸਮਾਗਮਾਂ ਦੀ ਆਰੰਭਤਾ ਪੂਰਨ ਗੁਰਮਰਿਆਦਾ ਅਨੁਸਾਰ ਹੋਵੇਗੀ। ਉਨ੍ਹਾਂ ਕਿਹਾ ਕਿ ਸੰਗਤ ਦੀ ਸਹੂਲਤ ਲਈ ਤਿਆਰ ਕੀਤੇ ਮੁੱਖ ਪੰਡਾਲ ਵਿਚ ਲਗਭਗ 50 ਹਜ਼ਾਰ ਸੰਗਤ ਦੇ ਬੈਠਣ ਦਾ ਪ੍ਰਬੰਧ ਹੈ। ਉਨ੍ਹਾਂ ਸੰਗਤ ਨੂੰ ਸੱਦਾ ਦਿੱਤਾ ਕਿ ਉਹ 5 ਨਵੰਬਰ ਨੂੰ ਸਮਾਗਮਾਂ ਦੀ ਆਰੰਭਤਾ ਮੌਕੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਨ।

Radio Mirchi