ਪ੍ਰਧਾਨ ਮੰਤਰੀ ਦਾ ਭਾਸ਼ਣ, ‘ਸਟੈਂਡ ਅੱਪ ਕਾਮੇਡੀ’ ਅਤੇ ‘ਫਿਰਕੂ ਸਫਬੰਦੀ’ ਵਿਚਾਲੇ ਘੁੰਮਦਾ ਰਿਹਾ: ਕਾਂਗਰਸ
ਕਾਂਗਰਸ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਨੂੰ ‘ਸਟੈਂਡ ਅੱਪ ਕਾਮੇਡੀ ਅਤੇ ਫਿਰੂ ਸਫਬੰਦੀ’ ’ਤੇ ਕੇਂਦਰਿਤ ਗਰਦਾਨਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਨੂੰ ਗੁੰਮਰਾਹ ਕਰਨ ਬਾਰੇ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਪਾਕਿਸਤਾਨ ਦਾ ਸੱਤ ਵਾਰ ਜ਼ਿਕਰ ਕੀਤਾ ਤੇ ਬੀਤੇ ਪੰਜ ਸਾਲਾਂ ਦੌਰਾਨ ਭਾਰਤ ਨੂੰ ਪਾਕਿਸਤਾਨ ਨਾਲ ਜੋੜਨ ਦਾ ਦੋਸ਼ ਲਾਇਆ। ਕਾਂਗਰਸੀ ਆਗੂ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦ ਮਤੇ ’ਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਵਾਬ ’ਤੇ ਬੋਲ ਰਹੇ ਸਨ। ਉਨ੍ਹਾਂ ਮੋਦੀ ’ਤੇ ਦੇਸ਼ ਦਾ ਅਰਥਚਾਰਾ ਤਬਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਧਰੁਵੀਕਰਨ ਰਾਹੀਂ ਸਮਾਜ ਨੂੰ ਵੰਡ ਕੇ ਇਸ ਖੱਪੇ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੂਜੇ ਮੁਲਕ ਨਾਲ ਕੀਤੇ ਸਮਝੌਤੇ ਨੂੰ ਪ੍ਰਸੰਗ ਤੋਂ ਪੂਰੀ ਤਰ੍ਹਾਂ ਬਾਹਰ ਆਖਣ ’ਤੇ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜਾਣਬੁੱਝ ਕੇ ਹਾਊਸ ਨੂੰ ਗੁੰਮਰਾਹ ਕਰ ਰਹੇ ਹਨ। ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਕਾਂਗਰਸੀ ਆਗੂ ਨੇ ਤਨਜ਼ ਕੀਤਾ ਕਿ ਮੁਲਕ ਦਾ ਅਰਥਚਾਰਾ ਕਰੋਨਾਵਾਇਰਸ ਤੋਂ ਪੀੜਤ ਹੈ ਪਰ ਕੇਂਦਰ ਸਾਧਾਰਨ ਬਿਮਾਰੀ ਦੀ ਦਵਾਈ ਦੇ ਰਿਹਾ ਹੈ। ਉਨ੍ਹਾਂ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਸਾਬਕਾ ਕੇਂਦਰੀ ਮੰਤਰੀ ਜੈਯੰਤ ਸਿਨਹਾ ਨੇ ਕਿਹਾ ਕਿ ਵਿਰੋਧੀ ਧਿਰ ਪਿੱਛਾਂਹ ਦੇਖ ਰਹੀ ਹੈ, ਜਦੋਂ ਕਿ ਸਰਕਾਰ ਅਗਾਂਹ 10 ਅਰਬ ਡਾਲਰ ਦੇ ਅਰਥਚਾਰੇ ਵੱਲ ਦੇਖ ਰਹੀ ਹੈ। ਕਾਂਗਰਸ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਮੁਲਕ ਦੀ ਵਿਕਾਸ ਦਰ 5 ਫੀਸਦੀ ਹੈ ਜੋ ਬੀਤੇ 11 ਵਰ੍ਹਿਆਂ ਵਿੱਚ ਸਭ ਤੋਂ ਘੱਟ ਹੈ। ਇਸੇ ਤਰ੍ਹਾਂ ਰੁਜ਼ਗਾਰ ਦਰ ਵੀ ਬੀਤੇ ਕਈ ਦਹਾਕਿਆਂ ਵਿੱਚ ਸਭ ਤੋਂ ਹੇਠਾਂ ਹੈ।