ਪ੍ਰਸ਼ਾਸਨ ਨੇ ਸਿਵਲ ਲਾਈਨ ਕਲੱਬ ਦਾ ਰਸੀਵਰ ਲਾਇਆ

ਪ੍ਰਸ਼ਾਸਨ ਨੇ ਸਿਵਲ ਲਾਈਨ ਕਲੱਬ ਦਾ ਰਸੀਵਰ ਲਾਇਆ

ਬਠਿੰਡਾ-ਕਰੀਬ 6 ਮਹੀਨਿਆਂ ਤੋਂ ਸ਼ਹਿਰ ਦੇ ਅਮੀਰਾਂ ਦਾ ਠਿਕਾਣਾ ਮੰਨੇ ਜਾਂਦੇ ਸਿਵਲ ਲਾਈਨ ਕਲੱਬ ਦੀ ਚੌਧਰ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਅੱਜ ਆਖਰਕਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਫ਼ਾ 145 ਲਗਾਉਂਦਿਆਂ ਕਲੱਬ ਅਤੇ ਗੁਰੂ ਨਾਨਕ ਲਾਇਬਰੇਰੀ ਨੂੰ ਆਪਣੇ ਅਧਿਕਾਰ ਹੇਠ ਲੈ ਲਿਆ। ਅੱਜ ਸਵੇਰੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਮੁਤਾਬਕ ਬਠਿੰਡਾ ਦੇ ਐਸ.ਡੀ.ਐਮ ਅਮਰਿੰਦਰ ਸਿੰਘ ਟਿਵਾਣਾ ਨੂੰ ਇਸ ਦਾ ਰਸੀਵਰ ਲਗਾ ਦਿੱਤਾ ਗਿਆ ਹੈ।
ਉਧਰ, ਪ੍ਰਸ਼ਾਸਨ ਦੇ ਇਸ ਰੁਖ਼ ਨੂੰ ਭਾਂਪਦਿਆਂ ਮੁਤਵਾਜ਼ੀ ਜਥੇਦਾਰ ਤੇ ਲਾਇਬਰੇਰੀ ਦੇ ਸਰਪ੍ਰਸਤ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਦੁਪਿਹਰ ਢਾਈ ਵਜੇ ਇੱਥੇ ਪ੍ਰੈਸ ਕਾਨਫਰੰਸ ਸੱਦੀ ਸੀ। ਪ੍ਰਸ਼ਾਸਨ ਵਲੋਂ ਅੱਜ ਸੁਵੱਖਤੇ ਹੀ ਕਲੱਬ ਨੂੰ ਜਾਂਦੇ ਸਾਰੇ ਰਸਤਿਆਂ ਨੂੰ ਭਾਰੀ ਪੁਲੀਸ ਬਲ ਤਾਇਨਾਤ ਕਰ ਕੇ ਸੀਲ ਕਰ ਦਿੱਤਾ। ਸਿਵਲ ਲਾਈਨ ਕਲੱਬ ’ਚ ਪੁਲੀਸ ਤਾਇਨਾਤ ਕਰਨ ਤੋਂ ਬਾਅਦ ਸਥਾਨਕ ਪ੍ਰੈਸ ਕਲੱਬ ’ਚ ਪੁੱਜੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਦੇ ਘਟਨਾਕ੍ਰਮ ਲਈ ਸਿੱਧੇ ਤੌਰ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕਲੱਬ ਦੇ ਪ੍ਰਧਾਨ ਰਾਜਨ ਗਰਗ ਤੇ ਉਘੇ ਉਦਯੋਗਪਤੀ ਰਜਿੰਦਰ ਮਿੱਤਲ ਨੂੰ ਕਸੂਰਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਜਿੱਥੇ ਪੂਰੀ ਦੁਨੀਆਂ ਵਿਚ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਉਥੇ 20 ਅਕਤੂਬਰ ਨੂੰ ਕਲੱਬ ਵਿਚ ਲਾਇਬਰੇਰੀ ਦੀ ਕਮੇਟੀ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਨੂੰ ਰੋਕਣ ਲਈ ਵਿੱਤ ਮੰਤਰੀ ਦੀ ਸ਼ਹਿ ’ਤੇ ਪ੍ਰਸ਼ਾਸਨ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪਹਿਲਾਂ ਤੈਅਸ਼ੁਦਾ ਪ੍ਰੋਗਰਾਮ ਤਹਿਤ ਹਰ ਹਾਲਾਤ ’ਚ ਉਸ ਦਿਨ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸਮਾਗਮ ਮਨਾਇਆ ਜਾਵੇਗਾ। ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਿਛਲੇ 22 ਸਾਲਾਂ ਤੋਂ ਸ਼ਹਿਰ ਦੇ ਪ੍ਰਮੁੱਖ ਕਲੱਬਾਂ ’ਚ ਸ਼ੁਮਾਰ ਸਿਵਲ ਲਾਈਨ ਕਲੱਬ ਦੇ ਭਵਿੱਖ ਉਪਰ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਹੀ ਨਹੀਂ ਇਸ ਕਾਰਨ ਕਰੀਬ ਸਾਢੇ 12 ਸੌ ਮੈਂਬਰਾਂ ਦੀ ਲੱਖਾਂ ਰੁਪਏ ਦੀ ਰਾਸ਼ੀ ਵੀ ਫ਼ਸ ਗਈ ਹੈ। ਇਸ ਸਾਰੇ ਵਿਵਾਦ ਦੀ ਜੜ੍ਹ ਲੰਘੀ ਮਈ ਮਹੀਨੇ ਵਿਚ ਮੋਢੀ ਬਾਡੀ ਵਿੱਚੋਂ ਪ੍ਰਧਾਨ ਤੇ ਜਨਰਲ ਸਕੱਤਰ ਨਿਯੁਕਤ ਕਰਨ ਦੀ ਪ੍ਰਥਾ ਵਿਰੁਧ ਉੱਠੀ ਲਹਿਰ ਨੂੰ ਮੰਨਿਆ ਜਾ ਰਿਹਾ ਹੈ ਜਿਸ ਤਹਿਤ ਦੋ ਤਿਹਾਈ ਤੋਂ ਵੱਧ ਮੈਂਬਰਾਂ ਵਲੋਂ ਸੰਵਿਧਾਨ ਵਿਚ ਸੋਧ ਕਰ ਕੇ ਪ੍ਰਧਾਨ ਤੇ ਜਨਰਲ ਸਕੱਤਰ ਦੀ ਸਿੱਧੀ ਚੋਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ 30 ਜੂਨ ਨੂੰ ਦੋਵਾਂ ਅਹੁਦਿਆਂ ਲਈ ਹੋਈ ਚੋਣ ਵਿਚ ਪਹਿਲੀ ਵਾਰ ਰਾਜਨ ਗਰਗ ਤੇ ਸੁਨੀਲ ਸਿੰਗਲਾ ਨੂੰ ਕ੍ਰਮਵਾਰ ਪ੍ਰਧਾਨ ਤੇ ਜਨਰਲ ਸਕੱਤਰ ਚੁਣਿਆ ਗਿਆ। ਇਸ ਚੋਣ ਨੂੰ ਗੈਰ-ਸੰਵਿਧਾਨਕ ਐਲਾਨਦਿਆਂ ਪੇਰੈਂਟ ਬਾਡੀ ਵਿੱਚੋਂ ਪ੍ਰਧਾਨ ਸ਼ਿਵਦੇਵ ਸਿੰਘ ਦੰਦੀਵਾਲ ਤੇ ਹੋਰਨਾਂ ਨੇ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਦੂਜੇ ਪਾਸੇ ਚੁਣੀ ਹੋਈ ਟੀਮ ਨੇ ਪੁਰਾਣੀ ਟੀਮ ਉਪਰ ਲੱਖਾਂ ਦੀ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਜ਼ਿਲਾ ਪ੍ਰਸ਼ਾਸਨ ਕੋਲ ਫ਼ੌਜਦਾਰੀ ਮੁਕੱਦਮੇ ਦੀ ਸ਼ਿਕਾਇਤ ਕੀਤੀ ਸੀ। ਇਸ ਵਿਵਾਦ ਦੌਰਾਨ ਹੀ ਸਿਵਲ ਲਾਈਨ ਕਲੱਬ ਨੂੰ ਹੋਂਦ ਵਿਚ ਲਿਆਉਣ ਵਾਲੀ ਗੁਰੂ ਨਾਨਕ ਲਾਇਬਰੇਰੀ ਤੇ ਹਾਲ ਦੀ ਪ੍ਰਬੰਧਕੀ ਕਮੇਟੀ ਨੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਲਾਇਬਰੇਰੀ ਦਾ ਸਰਪ੍ਰਸਤ ਬਣਾ ਦਿੱਤਾ ਸੀ। ਇਸ ਤੋਂ ਬਾਅਦ ਕਲੱਬ ਵਿਚ ਸ਼ਰਾਬ-ਮੀਟ ਦਾ ਚਲਨ ਪੂਰੀ ਤਰ੍ਹਾਂ ਬੰਦ ਹੋ ਗਿਆ। ਇਸ ਮੌਕੇ ਦਾਦੂਵਾਲ ਨਾਲ ਨਗੀਨਾ ਬੇਗਮ, ਕਾਂਗਰਸੀ ਆਗੂ ਸੰਜੀਵ ਸਰਮਾ ਤੋਂ ਇਲਾਵਾ ਲਾਇਬਰੇਰੀ ਦੇ ਪ੍ਰਧਾਨ ਜਗਜੀਤ ਸਿੰਘ ਧਾਲੀਵਾਲ ਅਤੇ ਕਲੱਬ ਦੇ ਪੇਰੈਂਟ ਬਾਡੀ ਵਲੋਂ ਪ੍ਰਧਾਨ ਸ਼ਿਵਦੇਵ ਸਿੰਘ ਦੰਦੀਵਾਲ ਆਦਿ ਵੀ ਮੌਜੂਦ ਸਨ।

Radio Mirchi