ਪੰਚਾਇਤੀ ਜ਼ਮੀਨਾਂ ਬਚਾਉਣ ਲਈ ਸਾਰੇ ਪਿੰਡਾਂ ’ਚ ਜਾਵੇਗੀ ਲੋਕ ਇਨਸਾਫ਼ ਪਾਰਟੀ

ਪੰਚਾਇਤੀ ਜ਼ਮੀਨਾਂ ਬਚਾਉਣ ਲਈ ਸਾਰੇ ਪਿੰਡਾਂ ’ਚ ਜਾਵੇਗੀ ਲੋਕ ਇਨਸਾਫ਼ ਪਾਰਟੀ

ਪੰਚਾਇਤੀ ਜ਼ਮੀਨਾਂ ਨੂੰ ਬਚਾਉਣ ਲਈ ਲੋਕ ਇਨਸਾਫ਼ ਪਾਰਟੀ ‘ਸਾਡੀ ਪੰਚਾਇਤ-ਸਾਡੀ ਜ਼ਮੀਨ’ ਮੁਹਿੰਮ ਤਹਿਤ ਬੈਂਸ ਭਰਾ ਸੂਬੇ ਦੇ 12278 ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਅਲਖ਼ ਜਗਾਉਣਗੇ। ਲੋਕ ਇਨਸਾਫ਼ ਪਾਰਟੀ ਨੇ ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਮੁਹਿੰਮ ਚਾਰ ਜਨਵਰੀ ਤੋਂ ਖੰਨਾ ਦੇ ਪਿੰਡ ਘੁਮਦੀ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲੇ ਦਿਨ ਬੈਂਸ ਭਰਾ ਅਤੇ ਪਾਰਟੀ ਦੇ ਆਗੂ 32 ਪਿੰਡਾਂ ਨੂੰ ਕਵਰ ਕਰਨਗੇ। ਹਰ ਪਿੰਡ ਦੀ ਸ਼ਾਮਲਾਟ ਜ਼ਮੀਨ ’ਤੇ ਪਾਰਟੀ ਵੱਲੋਂ ਤਿਆਰ ਕੀਤੇ ਗਏ ਵਿਸ਼ੇਸ਼ ਝੰਡੇ ਲਗਾਏ ਜਾਣਗੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਪੰਚਾਇਤਾਂ ਨੂੰ ਅਪੀਲ ਕਰਨਗੇ ਕਿ ਜ਼ਮੀਨ ਵੇਚਣ ਲਈ ਕੋਈ ਪ੍ਰਸਤਾਵ ਨਾ ਰੱਖਿਆ ਜਾਵੇ। ਉਨ੍ਹਾਂ ਇਸ ਮੁੱਦੇ ’ਤੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਨ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਇਸ ਸਮੇਂ ਕੁੱਲ 1 ਲੱਖ 35 ਹਜ਼ਾਰ ਏਕੜ ਜ਼ਮੀਨ ਪੰਚਾਇਤਾਂ ਕੋਲ ਹੈ, ਜਿਸ ਵਿੱਚੋਂ ਕਰੀਬ 33 ਫ਼ੀਸਦੀ ਹੀ ਦਲਿਤ ਪਰਿਵਾਰਾਂ ਲਈ ਰਾਖਵੀਂ ਹੈ। ਜਾਣਕਾਰੀ ਮੁਤਾਬਕ ਸਰਕਾਰ ਨੂੰ 2018-19 ਵਿੱਚ ਇਸ ਜ਼ਮੀਨ ਤੋਂ ਕਰੀਬ 340 ਕਰੋੜ ਰੁਪਏ ਦੀ ਆਮਦਨੀ ਹੋਈ ਹੈ। ਵਿਧਾਇਕ ਨੇ ਦੱਸਿਆ ਕਿ ਪੰਚਾਇਤੀ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਵੇਚਣ ਖਿਲਾਫ਼ ਹਾਈ ਕੋਰਟ ’ਚ ਪਟੀਸ਼ਨ ਦਾਇਰ ਹੋਈ ਸੀ। ਇਸ ਦੀ ਜਾਂਚ ਲਈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ। ਕਮੇਟੀ ਨੇ ਹਾਈ ਕੋਰਟ ’ਚ ਪੇਸ਼ ਕੀਤੀ ਰਿਪੋਰਟ ’ਚ ਖੁਲਾਸਾ ਕੀਤਾ ਸੀ ਕਿ ਕਿਵੇਂ ਰਾਜਸੀ ਨੇਤਾਵਾਂ ਅਤੇ ਅਫ਼ਸਰਸ਼ਾਹੀ ਨੇ ਮਿਲ ਕੇ ਪੰਚਾਇਤੀ ਜ਼ਮੀਨਾਂ ਨੂੰ ਆਪਣੇ ਨਾਮ ਕੀਤਾ ਹੈ। ਸਾਲ 2012 ’ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਪੰਚਾਇਤੀ ਜ਼ਮੀਨਾਂ ਦਾ ਇੰਤਕਾਲ ਨਿੱਜੀ ਲੋਕਾਂ ਤੋਂ ਲੈ ਕੇ ਪੰਚਾਇਤ ਦੇ ਨਾਮ ਕਰਵਾਏ। ਸਰਕਾਰ ਨੇ ਵੀ ਕਾਗਜ਼ੀ ਕਾਰਵਾਈ ਕਰਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕਾਰਵਾਈ ਦੇ ਹੁਕਮ ਦਿੱਤੇ ਸਨ ਪਰ ਅੱਜ 8 ਸਾਲ ਬੀਤ ਜਾਣ ਦੇ ਬਾਵਜੂਦ ਕੁਝ ਨਹੀਂ ਹੋ ਸਕਿਆ। ਉਨ੍ਹਾਂ ਨੇ ਇੱਕ ਲਿਸਟ ਵੀ ਜਾਰੀ ਕੀਤੀ, ਜਿਸ ਵਿੱਚ ਕਈ ਸਿਆਸੀ ਆਗੂਆਂ ਅਤੇ ਅਫ਼ਸਰਾਂ ਦੇ ਨਾਂ ਸ਼ਾਮਲ ਹਨ। ਸ੍ਰੀ ਬੈਂਸ ਨੇ ਦੋਸ਼ ਲਗਾਏ ਕਿ ਕੁਝ ਰਾਜਸੀ ਆਗੂਆਂ ਨੇ ਸੀਨੀਅਰ ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਪੰਜਾਬ ਕਾਮਨ ਵਿਲੇਜ ਐਕਟ 1961 ਤਹਿਤ ਪੰਚਾਇਤੀ ਜ਼ਮੀਨ ਨੂੰ ਚੋਰ ਮੋਰੀ ਰਾਹੀਂ ਹੱਦਬੰਦੀ ਡਾਇਰੈਕਟਰ ਤੋਂ ਗਲਤ ਢੰਗ ਨਾਲ ਇੰਤਕਾਲ ਤੁੜਵਾ ਕੇ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਵੱਖ ਵੱਖ ਥਾਵਾਂ ਉਪਰ ਮਹਿੰਗੇ ਭਾਅ ਦੀ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦ ਕੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੀ ਬੁੱਕਲ ਵਿੱਚ ਵਸੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਸਾਜ਼ਿਸ਼ ਤਹਿਤ ਕੌਡੀਆਂ ਦੇ ਭਾਅ ਖ਼ਰੀਦ ਕੇ ਚੰਡੀਗੜ੍ਹ ਦੇ ਬਰਾਬਰ ਨਿਊ ਚੰਡੀਗੜ੍ਹ ਵਸਾ ਕੇ ਖ਼ਰਬਾਂ ਦੀ ਜਾਇਦਾਦ ਨੂੰ ਵੀ ਮਹਿਫੂਜ਼ ਕੀਤਾ।

Radio Mirchi