ਪੰਜ ਤੱਤਾਂ 'ਚ ਵਿਲੀਨ ਹੋਏ ਰਿਸ਼ੀ ਕਪੂਰ, ਰਣਬੀਰ ਕਪੂਰ ਨੇ ਨਿਭਾਈਆਂ ਅੰਤਮ ਰਸਮਾਂ
ਦਿੱਗ਼ਜ਼ ਅਦਾਕਾਰ ਰਿਸ਼ੀ ਕਪੂਰ ਪੰਜ ਤੱਤਾਂ 'ਚ ਵਿਲੀਨ ਹੋ ਗਏ ਹਨ। ਉਨ੍ਹਾਂ ਨੂੰ ਪਰਿਵਾਰ ਨੇ ਨਮ ਅੱਖਾਂ ਨਾਲ ਵਿਦਾਈ ਦਿੱਤੀ। ਰਣਬੀਰ ਕਪੂਰ ਨੇ ਪਿਤਾ ਦੀਆਂ ਅੰਤਿਮ ਰਸਮਾਂ ਨੂੰ ਨਿਭਾਇਆ।
ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਚੰਦਨਵਾੜੀ ਸ਼ਮਸ਼ਾਨਘਾਟ ਵਿਖੇ ਹੋਇਆ। ਲਾਕਡਾਊਨ ਕਾਰਨ ਅੰਤਿਮ ਰਸਮਾਂ ਥੋੜੇ ਸਮੇਂ ਵਿੱਚ ਹੀ ਪੂਰੀਆਂ ਹੋ ਗਈਆਂ ਸਨ। ਰਿਸ਼ੀ ਕਪੂਰ ਦਾ ਅੰਤਿਮ ਸਸਕਾਰ ਬਿਜਲਈ ਮਸ਼ੀਨ ਨਾਲ ਕੀਤਾ ਗਿਆ।
ਸ਼ਮਸ਼ਾਨਘਾਟ ਦੇ ਅੰਦਰ ਪਰਿਵਾਰਕ ਮੈਂਬਰ ਅਤੇ ਕੁਝ ਰਿਸ਼ਤੇਦਾਰਾਂ ਸਣੇ 20-25 ਲੋਕ ਹੀ ਅੰਦਰ ਗਏ। ਰਿਸ਼ੀ ਕਪੂਰ ਦੀ ਧੀ ਰਿਧੀਮਾ ਅੰਤਿਮ ਸਸਕਾਰ ਸਮੇਂ ਨਹੀਂ ਪਹੁੰਚ ਸਕੀ।
ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੋਂ ਬਾਅਦ ਬੁੱਧਵਾਰ ਨੂੰ ਮੁੰਬਈ ਦੇ ਐਚ ਐਨ ਰਿਲਾਇੰਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਰਿਸ਼ੀ ਕਪੂਰ ਦੀ ਮੌਤ ਬਾਰੇ ਜਾਣਕਾਰੀ ਅਮਿਤਾਭ ਬੱਚਨ ਨੇ ਟਵੀਟ ਕੀਤੀ ਸੀ ਕਿ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਲਿਖਿਆ, 'ਸਾਡੇ ਪਿਆਰੇ ਰਿਸ਼ੀ ਕਪੂਰ ਸਵੇਰੇ 8.45 ਵਜੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਡਾਕਟਰ ਅਤੇ ਮੈਡੀਕਲ ਸਟਾਫ਼ ਦਾ ਕਹਿਣਾ ਹੈ ਕਿ ਉਹ ਅਖੀਰ ਤੱਕ ਸਾਰਿਆਂ ਦਾ ਮਨੋਰੰਜਨ ਕਰਦੇ ਸਨ। ਉਹ ਇਨ੍ਹਾਂ 2 ਸਾਲਾਂ ਵਿੱਚ ਬਿਮਾਰੀ ਨਾਲ ਲੜਨ ਦੇ ਬਾਅਦ ਵੀ ਖੁਸ਼ ਸੀ। ਉਨ੍ਹਾਂ ਦਾ ਧਿਆਨ ਸਿਰਫ ਪਰਿਵਾਰ, ਦੋਸਤਾਂ ਅਤੇ ਫਿਲਮਾਂ ਵਿੱਚ ਸੀ। ਜਿਹੜਾ ਵੀ ਉਸ ਨੂੰ ਮਿਲਿਆ ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਕਿਵੇਂ ਰਿਸ਼ੀ ਆਪਣੇ ਆਪ ਨੂੰ ਬਿਮਾਰੀ ਤੋਂ ਨਿਰਾਸ਼ ਨਹੀਂ ਹੋਣ ਦਿੰਦੇ।
ਕੋਰੋਨਾ ਯੋਧਿਆਂ 'ਤੇ ਰਿਸ਼ੀ ਕਪੂਰ ਨੇ ਕੀਤਾ ਸੀ ਇਹ ਆਖ਼ਰੀ ਟਵੀਟ
ਅਦਾਕਾਰ ਰਿਸ਼ੀ ਕਪੂਰ ਦਾ ਅੱਜ ਮੁੰਬਈ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਦਿਆਂ ਲੋਕਾਂ ਨੂੰ ਇਕੱਠੇ ਰਹਿਣ ਦੀ ਅਪੀਲ ਕੀਤੀ। ਆਪਣੇ ਆਖ਼ਰੀ ਟਵੀਟ 'ਚ ਰਿਸ਼ੀ ਕਪੂਰ ਨੇ ਕੋਰੋਨਾ ਯੋਧਿਆਂ ਡਾਕਟਰਾਂ ਅਤੇ ਨਰਸਾਂ 'ਤੇ ਹੋਏ ਹਮਲੇ ਨੂੰ ਲੈ ਕੇ ਦੁੱਖ ਪ੍ਰਗਟਵ ਕੀਤਾ ਸੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ ਕਿ ਡਾਕਟਰ, ਨਰਸ, ਮੈਡੀਕਲ ਸਟਾਫ਼, ਪੁਲਿਸ ਮੁਲਾਜ਼ਮ ਤੁਹਾਡੇ ਬਚਾਅ ਲਈ ਆਪਣੇ ਜੀਵਨ ਨੂੰ ਖ਼ਤਰੇ 'ਚ ਪਾ ਰਹੇ ਹਨ। ਸਾਨੂੰ ਇਸ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਇੱਕਜੁੱਟ ਹੋ ਕੇ ਜਿੱਤਣੀ ਚਾਹੀਦੀ ਹੈ।