ਪੰਜ ਸੌ ਸਾਲਾ ਪ੍ਰਕਾਸ਼ ਪੁਰਬ: ਪਿਛਲਝਾਤ

ਪੰਜ ਸੌ ਸਾਲਾ ਪ੍ਰਕਾਸ਼ ਪੁਰਬ: ਪਿਛਲਝਾਤ

ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ (1969 ਈ.) ਅਤੇ ਹੁਣ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਵੇਖਣ ਦਾ ਸਬੱਬ ਬਣ ਰਿਹਾ ਹੈ। ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਸਮੇਂ ਮੈਂ ਕਾਲਜ ਦਾ ਵਿਦਿਆਰਥੀ ਸਾਂ ਅਤੇ ਇਹ ਬਿਲਕੁਲ ਸਪੱਸ਼ਟ ਨਹੀਂ ਸੀ ਕਿ ਕੀ ਕਰਨਾ ਹੈ ਅਤੇ ਕੀ ਬਣਨਾ ਹੈ? ਇਹ ਮੌਕਾ ਮੇਰੇ ਲਈ ਰਹਿਮਤ ਬਣ ਕੇ ਆਇਆ। ਉਨ੍ਹੀਂ ਦਿਨੀਂ ਮੈਂ ਖਾਲਸਾ ਕਾਲਜ ਬੀ. ਏ. ਭਾਗ ਦੂਜਾ ਵਿਚ ਪੜ੍ਹਦਾ ਸਾਂ। ਇਤਫ਼ਾਕ ਇਹ ਬਣਿਆ ਕਿ ਮੈਂ ਇਕਨਾਮਿਕਸ ਛੱਡ ਕੇ ਪੰਜਾਬੀ ਵਿਸ਼ਾ ਲੈ ਲਿਆ। ਕਲਾਸਾਂ ਸ਼ੁਰੂ ਹੋਈਆਂ ਤਾਂ ਮੈਂ ਆਪਣੇ ਪੰਜਾਬੀ ਅਧਿਆਪਕ ਪ੍ਰੋ. ਸੁਰਿੰਦਰ ਸਿੰਘ (ਸਰੀਨ) ਦੇ ਕਹਿਣ ’ਤੇ ਪੰਜਾਬੀ ਵਿਚ ਆਨਰਜ਼ ਦੇ ਪੇਪਰ ਦੇਣੇ ਵੀ ਮੰਨ ਲਏ। ਆਨਰਜ਼ ਦੇ ਚਾਰ ਪੇਪਰ ਦੂਜੇ ਪੇਪਰਾਂ ਨਾਲੋਂ ਵਾਧੂ ਸਨ, ਦੋ ਭਾਗ ਦੂਜਾ ਵਿਚ ਅਤੇ ਦੋ ਤੀਜੇ ਵਿਚ।
ਕੁਦਰਤੀ ਮੇਰਾ ਜਮਾਤੀ ਡੀਏਵੀ ਕਾਲਜ, ਅੰਮ੍ਰਿਤਸਰ ਵਿਚ ਪੜ੍ਹਾਉਂਦੇ ਪ੍ਰੋ. ਜੀ. ਐੱਲ ਸ਼ਰਮਾ ਦਾ ਛੋਟਾ ਪੁੱਤਰ ਜਗਜੀਵਨ ਕੁਮਾਰ ਬਣ ਗਿਆ। ਪ੍ਰੋ. ਸ਼ਰਮਾ ਦੀ ਨਿੱਜੀ ਲਾਇਬਰੇਰੀ ਵਿਚ ਪੰਜਾਬੀ ਅਤੇ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ ਦਾ ਚੋਖਾ ਭੰਡਾਰ ਸੀ। ਜਗਜੀਵਨ ਨੂੰ ਸਿਗਰਟ ਪੀਣ ਦੀ ਆਦਤ ਸੀ ਅਤੇ ਉਹ ਆਪਣਾ ਝੱਸ ਪੂਰਾ ਕਰਨ ਲਈ ਕਾਲਜ ਤੋਂ ਬਾਹਰ ਆ ਜਾਂਦਾ। ਉਹ ਚਾਹ ਦੇ ਕੱਪ ਨਾਲ ਸਿਗਰਟ ਦੇ ਕਸ਼ ਵੀ ਲਾਉਂਦਾ ਰਹਿੰਦਾ। ਉਸ ਦੇ ਭੈਣ ਭਰਾ ਵੀ ਉਚੇਰੀਆਂ ਕਲਾਸਾਂ ਵਿਚ ਪੜ੍ਹਦੇ ਸਨ। ਮਗਰੋਂ ਜਗਜੀਵਨ ਅਤੇ ਉਸ ਦਾ ਵੱਡਾ ਭਰਾ ਸਰਬਜੀਵਨ ਦੋਵੇਂ ਵੱਖ-ਵੱਖ ਕਾਲਜਾਂ ਵਿਚ ਅਧਿਆਪਕ ਜਾ ਲੱਗੇ। ਘਰ ਵਿਚ ਸਾਹਿਤਕ ਮਾਹੌਲ ਹੋਣ ਕਰਕੇ ਅਤੇ ਕਈ ਕਿਤਾਬਾਂ/ ਰਸਾਲੇ ਆਉਣ ਕਰਕੇ ਉਹ ਆਮ ਵਿਦਿਆਰਥੀਆਂ ਨਾਲੋਂ ਸਾਹਿਤ ਪ੍ਰਤੀ ਵਧੇਰੇ ਸਮਝ ਰੱਖਦਾ ਸੀ। ਏਸੇ ਸਾਲ ਮੈਂ ਕਾਲਜ ਵੱਲੋਂ ਨਿਕਲਦੇ ਮੈਗਜ਼ੀਨ ‘ਦਰਬਾਰ’ ਦਾ ਵਿਦਿਆਰਥੀ ਸੰਪਾਦਕ ਬਣ ਗਿਆ ਸਾਂ। ਇਸ ਲਈ ਆਮ ਜਾਣ-ਪਛਾਣ ਨੇੜਤਾ ਵਿਚ ਬਦਲ ਗਈ। ਇੱਕ ਦਿਨ ਚਾਹ ਦੀਆਂ ਚੁਸਕੀਆਂ ਭਰਦਿਆਂ ਉਸ ਨੇ ਮੇਰੇ ਕੋਲੋਂ ਪੁੱਛਿਆ, ‘ਕੀ ਤੂੰ ਪੰਜਾਬੀ ਦੁਨੀਆਂ ਦਾ ਗੁਰੂ ਨਾਨਕ ਅੰਕ (ਨਵੰਬਰ-ਦਸੰਬਰ 1969) ਵੇਖਿਆ ਹੈ?’ ਮੇਰੇ ਨਾ ਕਹਿਣ ’ਤੇ ਉਹ ਮੈਨੂੰ ਆਪਣੇ ਨਾਲ ਹਾਲ ਬਾਜ਼ਾਰ ਦੇ ਬਾਹਰ ਖੋਖਿਆਂ ਵਿਚ ਚੱਲਦੀਆਂ ਅਖਬਾਰਾਂ/ਰਸਾਲਿਆਂ ਦੀਆਂ ਦੁਕਾਨਾਂ ’ਤੇ ਲੈ ਗਿਆ ਅਤੇ ਮੈਂ ਇੱਕ ਰੁਪਏ ਕੀਮਤ ਦਾ ਗੁਰੂ ਨਾਨਕ ਅੰਕ ਖਰੀਦ ਲਿਆ। ਜਨਵਰੀ-ਫਰਵਰੀ 1970 ਵਿਚ ਏਸੇ ਗੁਰੂ ਨਾਨਕ ਅੰਕ ਦਾ ਦੂਜਾ ਭਾਗ ਛਪਿਆ ਅਤੇ ਮੈਂ ਉਹ ਵੀ ਖਰੀਦ ਕੇ ਰੱਖ ਲਿਆ। ਇੰਜ ਗੁਰੂ ਨਾਨਕ ਅੰਕਾਂ ਨਾਲ ਮੇਰੀ ਨਿੱਜੀ ਲਾਇਬਰੇਰੀ ਦਾ ਮੁੱਢ ਬੱਝ ਗਿਆ। ਮਗਰੋਂ ਪੰਜਾਬੀ ਵਿਚ ਹੋਰ ਦਿਲਚਸਪੀ ਵੱਧ ਗਈ। ਇਸੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਹੁੰਦੇ ਰ ਸਾਲੇ ਗੁਰਮਤਿ ਪ੍ਰਕਾਸ਼ ਦੇ ਗੁਰੂ ਨਾਨਕ ਦੇਵ ਜੀ ਬਾਰੇ ਤਿੰਨ ਵਡ-ਆਕਾਰੀ ਵਿਸ਼ੇਸ਼ ਅੰਕ ਨਿਕਲੇ। ਇੱਕ ਵਿਚ ਗੁਰੂ ਸਾਹਿਬ ਦੀ ਮੁਕੰਮਲ ਬਾਣੀ ਸੀ, ਦੂਜਾ ਫ਼ਲਸਫ਼ੇ ਬਾਰੇ ਅਤੇ ਤੀਜਾ ਇਤਿਹਾਸ ਸਬੰਧੀ। ਇਹ ਤਿੰਨੇ ਵੀ ਹਾਸਲ ਕਰ ਲਏ। ਮਗਰੋਂ ਖੋਜ ਪੱਤ੍ਰਿਕਾ ਦਾ ਗੁਰੂ ਨਾਨਕ ਅੰਕ ਵੀ ਆ ਰਲਿਆ। ਉੱਧਰ ਜਦ ਬੀਏ ਪਾਸ ਕੀਤੀ ਤਾਂ ਨਾਲ ਆਨਰਜ਼ ਵੀ ਆ ਗਈ। ਉਨ੍ਹੀਂ ਦਿਨੀ ਪ੍ਰੋ. ਦੀਵਾਨ ਸਿੰਘ ਅਤੇ ਗੁਰਦਿਆਲ ਸਿੰਘ ਫੁੱਲ ਵੀ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਿਚ ਹੀ ਸਨ। ਉਨ੍ਹਾਂ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਮੈਂ ਐੱਮਏ ਵਿਚ ਦਾਖਲਾ ਲੈ ਲਿਆ। ਜਦ ਐੱਮਏ ਦਾ ਅੰਤਮ ਨਤੀਜਾ ਨਿਕਲਿਆ ਤਾਂ ਮੈਂ ਆਪਣੀ ਕਲਾਸ ’ਚੋਂ ਪਹਿਲੇ ਦਰਜੇ ਦੇ ਅੰਕ ਲੈ ਕੇ ਅਵੱਲ ਰਿਹਾ ਅਤੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚੋਂ ਦੂਜਾ ਸਥਾਨ ਵੀ ਹਾਸਲ ਕੀਤਾ। ਐੱਮਏ ਪਾਸ ਕਰਦਿਆਂ ਪੀਐੱਚਡੀ ਲਈ ਫੈਲੋਸ਼ਿਪ ਮਿਲ ਗਈ ਅਤੇ ਸੰਨ 1976 ਵਿਚ ਪੀਐੱਚਡੀ ਕਰ ਲਈ। ਉਦੋਂ ਸ਼ਾਇਦ ਪੰਜਾਬੀ ਵਿਚ ਸਭ ਤੋਂ ਛੋਟੀ ਉਮਰ (ਕੇਵਲ 26 ਸਾਲ) ਵਿਚ ਇਹ ਡਿਗਰੀ ਕਰਨ ਵਾਲਿਆਂ ਵਿਚ ਮੈਂ ਵੀ ਸ਼ਾਮਲ ਸੀ। ਉਸ ਸਾਲ ਯੂਨੀਵਰਸਿਟੀ ਵੱਲੋਂ ਕੇਵਲ ਤਿੰਨਾਂ ਨੂੰ ਪੀਐੱਚਡੀ ਮਿਲੀ ਸੀ। ਮੇਰੇ ਤੋਂ ਇਲਾਵਾ ਜੋਗਿੰਦਰ ਸਿੰਘ ਰਾਹੀ ਅਤੇ ਸਤਿੰਦਰ ਸਿੰਘ ਦੂਜੇ ਦੋ ਹੋਰ ਪ੍ਰੀਖਿਆਰਥੀ ਸਨ।
ਅੱਜ ਜਦ ਮੈਂ ਪਿੱਛਲਝਾਤ ਪਾ ਕੇ ਵੇਖਦਾ ਹਾਂ ਤਾਂ ਮੈਂਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮੇਰੇ ਜੀਵਨ ਨੂੰ ਘੜਨ-ਸੁਆਰਨ ਦਾ ਸਬੱਬ ਬਣਿਆ। ਪੰਜਾਬੀ ਦੁਨੀਆਂ ਦੇ ਗੁਰੂ ਨਾਨਕ ਅੰਕਾਂ ਨਾਲ ਸ਼ੁਰੂ ਹੋਈ ਮੇਰੀ ਜਾਤੀ ਲਾਇਬਰੇਰੀ ਹੁਣ ਦਸ ਵੱਡੇ ਬੁੱਕ-ਰੈਕਾਂ ਵਿਚ ਫੈਲ ਚੁੱਕੀ ਹੈ ਅਤੇ ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮੇਰੇ ਖੋਜ ਖੇਤਰ ਅਤੇ ਦਿਲਚਸਪੀ ਦੀਆਂ ਬਹੁਤੀਆਂ ਪੁਸਤਕਾਂ ਅਤੇ ਪਾਕਿਸਤਾਨ ਵਿਚ ਛਪੀਆਂ ਕਈ ਪੰਜਾਬੀ ਪੁਸਤਕਾਂ/ਰਸਾਲੇ ਇਸ ਵਿਚ ਸੁਰੱਖਿਅਤ ਹਨ। ਖੋਜ ਅਤੇ ਆਲੋਚਨਾ ਨਾਲ ਸੰਬੰਧਿਤ ਕਈ ਰਸਾਲੇ/ ਪੁਸਤਕਾਂ ਵੀ ਇਸ ਦਾ ਹਿੱਸਾ ਹਨ ਅਤੇ ਕਈ ਦੁਰਲੱਭ ਕਿਤਾਬਾਂ ਵੀ। ਸੰਨ 1914 ਵਿਚ ਲੰਡਨ ਵਿਚ ਛਪੀ ਗੀਤਾਂਜਲੀ, 1925 ਵਿਚ ਪ੍ਰਕਾਸ਼ਿਤ ਸਵਾਮੀ ਦਇਆਨੰਦ ਰਚਿਤ ਗ੍ਰੰਥਮਾਲਾ, 1940 ਦੀ ਅਨੋਖੇ ਅਤੇ ਇਕੱਲੇ 1942 ਦੀ ਓ ਗੀਤਾਂ ਵਾਲਿਆ, ਅਪ੍ਰੈਲ 1947 ਦੀ ਪ੍ਰਸੰਨ ਲੰਮੀ ਉਮਰ ਅਤੇ ਦ੍ਰਿਸ਼ਟੀ, ਸਚਿੱਤਰ ਕੌਮੀ ਏਕਤਾ, ਆਲੋਚਨਾ, ਸਿੰਘ ਸਭਾ ਪਤ੍ਰਿਕਾ, ਖੋਜ ਪਤ੍ਰਿਕਾ ਦਾ ਮੁਕੱਮਲ ਸੈੱਟ ਅਤੇ ਸਾਰੇ ਦੇ ਸਾਰੇ ਖੋਜ ਦਰਪਣ ਦੇ ਅੰਕ ਮੇਰੀ ਲਾਇਬਰੇਰੀ ਵਿਚ ਸਾਂਭੇ ਪਏ ਹਨ। ਹੁਣ ਮਾੜਾ-ਮੋਟਾ ਕਲਮ ਝਰੀਟ ਬਣ ਜਾਣ ਨਾਲ ਸਾਢੇ ਪੰਜ ਸੌ ਸਾਲਾ ਪੁਰਬ ਮੌਕੇ ਆਪਣੀ ਸਮਝ ਅਤੇ ਸਮਰੱਥਾ ਨਾਲ ਸੈਮੀਨਾਰਾਂ, ਲੈਕਚਰਾਂ ਅਤੇ ਲਿਖਤਾਂ ਰਾਹੀਂ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਿਆ ਹਾਂ। ਇਸ ਮੌਕੇ ਮੈਨੂੰ ਭਗਤ ਕਬੀਰ ਜੀ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ:

Radio Mirchi