ਪੰਜਾਬ: ਕਰੋਨਾ ਨਾਲ 3 ਹੋਰ ਮੌਤਾਂ, ਹੁਣ ਤੱਕ 1366 ਸਿਹਤਯਾਬ
ਪੰਜਾਬ ਵਿੱਚ ਕਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਸ਼ਨਿਚਰਵਾਰ ਰਾਤ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ 2 ਅਤੇ ਲੁਧਿਆਣਾ ਨਾਲ ਸਬੰਧਤ ਇੱਕ ਵਿਅਕਤੀ ਦੀ ਮੌਤ ਹੋ ਗਈ। ਵਾਇਰਸ ਦੇ ਫੈਲਣ ਦੀ ਰਫ਼ਤਾਰ ਪਿਛਲੇ ਦਿਨਾਂ ਨਾਲੋਂ ਮੱਠੀ ਪਈ ਹੈ ਤੇ ਲੰਘੇ 24 ਘੰਟਿਆਂ ਦੌਰਾਨ 18 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ਵਿੱਚ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1964 ਹੋ ਗਈ ਹੈ। ਹੁਣ ਤੱਕ 1366 ਵਿਅਕਤੀਆਂ ਨੂੰ ਆਈਸੋਲੇਸ਼ਨ ਕੇਂਦਰਾਂ ਅਤੇ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅੱਜ ਠੀਕ ਹੋਣ ਵਾਲਿਆਂ ਦੀ ਗਿਣਤੀ 109 ਹੈ। ਇਸ ਸਮੇਂ ਇਲਾਜ ਅਧੀਨ ਵਿਅਕਤੀ 563 ਹੀ ਰਹਿ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕਰੋਨਾ ਦੀ ਲਾਗ ਦੇ ਲੱਛਣ ਹੋਣ ਤੋਂ ਬਾਅਦ ਜਿਨ੍ਹਾਂ ਵਿਅਕਤੀਆਂ ਨੂੰ ਆਈਸੋਲੇਸ਼ਨ ਕੇਂਦਰਾਂ ਵਿੱਚ ਰੱਖਿਆ ਗਿਆ ਸੀ, ਉਨ੍ਹਾਂ ਵਿੱਚੋਂ ਤਕਰੀਬਨ ਸਰਿਆਂ ਨੂੰ ਹੀ ਮੁੱਢਲੇ ਲੱਛਣ- ਤੇਜ਼ ਬੁਖਾਰ, ਖਾਂਸੀ, ਗਲਾ ਖਰਾਬ ਜਾਂ ਹੋਰ ਨਹੀਂ ਸਨ।
ਇਸ ਲਈ ਕੇਂਦਰ ਸਰਕਾਰ ਦੀਆਂ ਨਵੀਆਂ ਹਦਾਇਤਾਂ ਨੂੰ ਮੰਨਦਿਆਂ ਇਨ੍ਹਾਂ ਵਿਅਕਤੀਆਂ ਨੂੰ ਘਰੀਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ ਜਿਨ੍ਹਾਂ 16 ਮੁਲਾਜ਼ਮਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਪਾਏ ਗਏ ਸਨ ਉਨ੍ਹਾਂ ਵਿੱਚੋਂ 8 ਨੂੰ ਘਰੀਂ ਤੋਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ 190 ਪੁਲੀਸ ਕਰਮਚਾਰੀਆਂ ਨੂੰ ਏਕਾਂਤ ’ਚ ਰੱਖਿਆ ਗਿਆ ਹੈ ਤੇ ਕੁੱਲ 20 ਏਕਾਂਤਵਾਸ ਕੇਂਦਰ ਪੁਲੀਸ ਮੁਲਾਜ਼ਮਾਂ ਲਈ ਬਣਾਏ ਗਏ ਹਨ। ਸਿਹਤ ਵਿਭਾਗ ਮੁਤਾਬਕ ਮੋਗਾ ’ਚ 1, ਹੁਸ਼ਿਆਰਪੁਰ ’ਚ 3, ਮੁਹਾਲੀ ਵਿੱਚ 4, ਬਠਿੰਡਾ ਵਿੱਚ 4, ਅੰਮ੍ਰਿਤਸਰ ਵਿੱਚ 8, ਕਪੂਰਥਲਾ ਵਿੱਚ 5 ਅਤੇ ਗੁਰਦਾਸਪੁਰ ਵਿੱਚ ਵੀ 5 ਹੀ ਮਰੀਜ਼ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 4, ਨਵਾਂ ਸ਼ਹਿਰ ਵਿੱਚ 3, ਅੰਮ੍ਰਿਤਸਰ ਵਿੱਚ 6 ਅਤੇ ਫਰੀਦਕੋਟ ਵਿੱਚ 4 ਨਵੇਂ ਮਾਮਲੇ ਸਾਹਮਣੇ ਆਏ ਹਨ।