ਪੰਜਾਬ ਦੀ ਮਾੜੀ ਵਿੱਤੀ ਹਾਲਤ ਲਈ ਅਕਾਲੀ ਸਰਕਾਰ ਜ਼ਿੰਮੇਵਾਰ: ਕੈਪਟਨ
.jpg)
ਸੂਬੇ ਦੀ ਪਤਲੀ ਵਿੱਤੀ ਹਾਲਤ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਅਸਤੀਫ਼ਾ ਮੰਗਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਰਥਿਕ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਪੈਰਾਂ ਸਿਰ ਕਰਨ ਲਈ ਕਾਂਗਰਸ ਸਰਕਾਰ ਸਖ਼ਤ ਮਿਹਨਤ ਕਰ ਰਹੀ ਹੈ ਪਰ ਸੁਆਲ ਪੁੱਛਿਆ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਦਾ ਸਰਪਲੱਸ ਬਜਟ ਕਦੋਂ ਆਵੇਗਾ? ਕੈਪਟਨ ਨੇ ਕਿਹਾ ਕਿ ਦਸ ਸਾਲ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀਆਂ ਨੇ ਆਪਣੇ ਨਿੱਜੀ ਮੁਫ਼ਾਦਾਂ ਖ਼ਾਤਰ ਸੂਬੇ ਦੀ ਆਰਥਿਕਤਾ ਨੂੰ ਮੂਧੇ-ਮੂੰਹ ਸੁੱਟ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਮਜ਼ਬੂਤ ਆਰਥਿਕਤਾ ਛੱਡੀ ਸੀ ਪਰ ਅਕਾਲੀ-ਭਾਜਪਾ ਗੱਠਜੋੜ ਨੇ ਲੋਕ ਵਿਰੋਧੀ ਅਤੇ ਮਾੜੀਆਂ ਨੀਤੀਆਂ ਨਾਲ ਇਸ ਨੂੰ ਤਬਾਹ ਕਰਕੇ ਰੱਖ ਦਿੱਤਾ। ਅਕਾਲੀ ਦਲ ਤੇ ਭਾਈਵਾਲ ਭਾਜਪਾ ਨੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਹਾਂ-ਪੱਖੀ ਕਦਮ ਨਹੀਂ ਚੁੱਕੇ, ਨਿਵੇਸ਼ਕਾਂ ਦੀ ਮੰਗ ਨੂੰ ਤਰਜੀਹ ਨਹੀਂ ਦਿੱਤੀ ਗਈ ਤੇ ਨਤੀਜੇ ਵਜੋਂ ਉਦਯੋਗ ਅਤੇ ਕਾਰੋਬਾਰੀ ਸੂਬੇ ਤੋਂ ਹਿਜਰਤ ਲਈ ਮਜਬੂਰ ਹੋ ਗਏ। ਇਨ੍ਹਾਂ ਨੀਤੀਆਂ ਕਰ ਕੇ ਹੀ ਸੂਬੇ ਸਿਰ ਕਰਜ਼ੇ ਦਾ ਬੋਝ ਹੋਰ ਵੱਧ ਗਿਆ ਅਤੇ ਉਨ੍ਹਾਂ ਦੀ ਸਰਕਾਰ ਇਹ ਕਰਜ਼ਾ ਲਾਹੁਣ ਲਈ ਜੱਦੋਜਹਿਦ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਕੁਝ ਮਹੀਨੇ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਕੇਂਦਰੀ ਪੂਲ ਲਈ ਅਨਾਜ ਦੀ ਖ਼ਰੀਦ ਸਬੰਧੀ ਸੂਬੇ ਸਿਰ 31,000 ਕਰੋੜ ਰੁਪਏ ਦਾ ਕਰਜ਼ਾ ਹੋਰ ਚੜ੍ਹਾ ਦਿੱਤਾ ਜਿਸ ਨਾਲ ਪੰਜਾਬ ਦਾ ਵਿੱਤੀ ਸੰਕਟ ਡੂੰਘਾ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਡਾਵਾਂਡੋਲ ਆਰਥਿਕ ਸਥਿਤੀ ਅਕਾਲੀਆਂ ਕੋਲੋਂ ਹੀ ਵਿਰਾਸਤ ’ਚ ਮਿਲੀ ਹੈ ਅਤੇ ਸੂਬੇ ਨੂੰ ਇਸ ਸੰਕਟ ਵਿੱਚ ਧੱਕਣ ਵਾਲੇ ਅਕਾਲੀ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਹਨ।
ਕੈਪਟਨ ਨੇ ਕਿਹਾ ਕਿ ਆਪਣੀਆਂ ਗਲਤੀਆਂ ਦਾ ਜ਼ਿੰਮਾ ਅਕਾਲੀ ਹੁਣ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਸਿਰ ਮੜ੍ਹ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖਾਸ ਕਰਕੇ ਵਿੱਤ ਮੰਤਰੀ, ਨਿਵੇਸ਼ਕਾਂ ਦੇ ਭਰੋਸੇ ਦੀ ਬਹਾਲੀ ਤੇ ਆਰਥਿਕਤਾ ਨੂੰ ਸਥਿਰ ਕਰਨ ਲਈ ਪੂਰੀ ਵਾਹ ਲਾ ਰਹੇ ਹਨ। ਨਵੀਂ ਉਦਯੋਗਿਕ ਨੀਤੀ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਗਏ ਕਦਮ ਸਦਕਾ ਜ਼ਮੀਨੀ ਪੱਧਰ ’ਤੇ 50,000 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਾ ਹੈ।