ਪੰਜਾਬ ਦੀ ਸਿਆਸਤ ਚ ਅੱਜ ਦਾ ਦਿਨ ਬੇਹੱਦ ਅਹਿਮ, ਹੋਣਗੇ ਵੱਡੇ ਧਮਾਕੇ
ਚੰਡੀਗੜ੍ਹ : ਪੰਜਾਬ ਦੀ ਸਿਆਸਤ 'ਚ ਅੱਜ ਮਤਲਬ ਕਿ 7 ਜੁਲਾਈ ਦਾ ਦਿਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਅੱਜ ਵੱਡੇ ਸਿਆਸੀ ਧਮਾਕੇ ਹੋਣ ਦੀ ਸੰਭਾਵਨਾ ਹੈ। ਇਕ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਹੀ ਭਾਈਵਾਲ ਪਾਰਟੀ ਭਾਜਪਾ ਖਿਲਾਫ ਪਿੰਡ ਪੱਧਰ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰੇਗਾ, ਹਾਲਾਂਕਿ ਭਾਜਪਾ ਆਪਣੇ ਭਾਈਵਾਲ ਨੂੰ ਇਸ ਪ੍ਰਦਰਸ਼ਨ ਤੋਂ ਰੋਕ ਚੁੱਕੀ ਹੈ ਪਰ ਅਕਾਲੀ ਦਲ ਆਪਣੇ ਫੈਸਲੇ 'ਤੇ ਕਾਇਮ ਹੈ। ਇਨ੍ਹਾਂ ਪ੍ਰਦਰਸ਼ਨਾਂ 'ਚ ਸੂਬਾ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਹੋਵੇਗੀ।
ਦੂਜੇ ਪਾਸੇ ਅਕਾਲੀ ਦਲ ਵੱਲੋਂ ਰਾਜ ਸਭਾ ਮੈਂਬਰ ਬਣਾਏ ਗਏ ਸੁਖਦੇਵ ਢੀਂਡਸਾ ਆਪਣੀ ਨਵੀਂ ਪਾਰਟੀ ਬਣਾਉਣ ਦੇ ਮੂਡ 'ਚ ਹਨ। ਆਪਣੇ ਪੁਰਾਣੇ ਸਾਥੀਆਂ ਵੱਲੋਂ ਬਣਾਈ ਗਈ ਅਕਾਲੀ ਦਲ ਟਕਸਾਲੀ 'ਚ ਢੀਂਡਸਾ ਸ਼ਾਮਲ ਨਹੀਂ ਹੋਣਾ ਚਾਹੁੰਦੇ, ਹਾਲਾਂਕਿ ਟਕਸਾਲੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਸੱਦਾ ਦੇ ਚੁੱਕੇ ਹਨ। ਸੁਖਦੇਵ ਢੀਂਡਸਾ 7 ਜੁਲਾਈ ਨੂੰ ਆਪਣੇ ਕਰੀਬੀਆਂ ਨਾਲ ਬੈਠਕ ਕਰਨ ਜਾ ਰਹੇ ਹਨ। ਅੱਜ ਦੇ ਦਿਨ ਹੀ ਢੀਂਡਸਾ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ।
ਹੁਣ ਜਿੱਥੇ ਅੱਜ ਦੇ ਦਿਨ ਅਕਾਲੀ ਦਲ ਦੇ ਪ੍ਰਦਰਸ਼ਨ 'ਤੇ ਭਾਜਪਾ ਦੀ ਤਿੱਖੀ ਨਜ਼ਰ ਰਹੇਗੀ, ਉੱਥੇ ਹੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਨੇਤਾਵਾਂ ਲਈ ਅਹਿਮ ਫੈਸਲੇ ਦੀ ਘੜੀ ਹੋਵੇਗੀ। ਸੂਤਰਾਂ ਮੁਤਾਬਕ ਢੀਂਡਸਾ ਮੰਨਣ ਵਾਲੇ ਨਹੀਂ, ਸੋ ਟਕਸਾਲੀਆਂ ਲਈ ਸਿਆਸੀ ਹਾਲਾਤ ਔਖੋ ਹੇ ਸਕਦੇ ਹਨ। ਪੰਜਾਬ ਦੀ ਸਿਆਸਤ 'ਚ ਤੀਜੇ ਫਰੰਟ ਦੇ ਭਵਿੱਖ 'ਤੇ ਵੀ ਖਾਸ ਨਜ਼ਰ ਰਹੇਗੀ।