ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ’ਚ ਰਾਤ ਦਾ ਕਰਫਿਊ ਅੱਜ ਤੋਂ

ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ’ਚ ਰਾਤ ਦਾ ਕਰਫਿਊ ਅੱਜ ਤੋਂ

ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੋਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਰਾਤ 9 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸਾਰੇ ਵੱਡੇ ਸ਼ਹਿਰਾਂ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਬਿਮਾਰੀ ਦੇ ਇਲਾਜ ਲਈ ਏਕੀਕ੍ਰਿਤ ਪ੍ਰਬੰਧਨ ਯੋਜਨਾ ਤਿਆਰ ਕਰਨ ਦੇ ਵੀ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਲਾਜ਼ਮੀ ਤੌਰ ’ਤੇ ਮਾਸਕ ਪਾਉਣ ਦੇ ਅਮਲ ਲਈ ਇਕ ਹਫ਼ਤੇ ਦੇ ਟਰਾਇਲ ਦਾ ਵੀ ਐਲਾਨ ਕੀਤਾ ਜਿਸ ਤਹਿਤ ਮਾਸਕ ਪਹਿਨਣ ਦੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਕੇ ’ਤੇ ਹੀ ਇਕ ਘੰਟਾ ਮਾਸਕ ਪਹਿਨ ਕੇ ਖੜ੍ਹਨਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਆਪਣਾ ਛੇਤੀ ਟੈਸਟ ਕਰਵਾਉਣ ਅਤੇ
ਢੁੱਕਵੇਂ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਟੈਸਟਿੰਗ ਦੀਆਂ ਢੁੱਕਵੀਆਂ ਸਹੂਲਤਾਂ ਹਨ ਅਤੇ ਚਾਰ ਹੋਰ ਟੈਸਟਿੰਗ ਲੈਬਜ਼ ਸੋਮਵਾਰ ਤੋਂ ਕਾਰਜਸ਼ੀਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਵਿਡ ਦਾ ਸਿਖ਼ਰ ਅਗਸਤ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਆਉਣ ਦੀ ਸੰਭਾਵਨਾ ਹੈ। ਫੇਸਬੁੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਗੈਰ-ਕੋਵਿਡ ਮਰੀਜ਼ ਡਾ. ਪਰਵਿੰਦਰ ਦੀ ਮੌਤ ਦੇ ਮਾਮਲੇ ਵਿੱਚ ਉਪ ਕੁਲਪਤੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਤਰਨ ਤਾਰਨ ਵਿੱਚ ਕੀਤੇ ਐਲਾਨਾਂ ਦੇ ਵੇਰਵੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਤਿੰਨ ਹਫ਼ਤਿਆਂ ਵਿੱਚ ਮੁਕੰਮਲ ਹੋਵੇਗੀ।
ਬਿਜਲੀ ਬਿੱਲ ਭਰਨ ਲਈ ਲੱਗਦੀਆਂ ਲੰਮੀਆਂ ਕਤਾਰਾਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਥਿਤੀ ਸੁਧਾਰਨ ਲਈ ਬਿਜਲੀ ਬੋਰਡ ਦੇ ਚੇਅਰਮੈਨ ਨੂੰ ਹਦਾਇਤਾਂ ਜਾਰੀ ਕਰਨਗੇ। ਕੁਝ ਜ਼ਿਲ੍ਹਿਆਂ ’ਚ ਭਾਰੀ ਵਾਹਨਾਂ ਦੇ ਲਾਇਸੰਸ ਜਾਰੀ ਕਰਨ/ਨਵਿਆਉਣ ’ਚ ਹੁੰਦੀ ਦੇਰੀ ਬਾਰੇ ਉਨ੍ਹਾਂ ਕਿਹਾ ਕਿ ਇਹ ਦੇਰੀ ਸਮਾਜਿਕ ਦੂਰੀ ਦੇ ਨੇਮਾਂ ਕਰਕੇ ਹੈ ਪਰ ਉਹ ਵਿਭਾਗ ਨੂੰ ਰਾਹ ਲੱਭਣ ਲਈ ਆਖਣਗੇ। ਇਸ ਸਵਾਲ ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਕਲੀ ਕੀੜੇਮਾਰ ਦਵਾਈਆਂ ਖ਼ਿਲਾਫ਼ ਲਗਾਤਾਰ ਕਾਰਵਾਈ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਕੇਵਲ ਰਜਿਸਟਰਡ ਡੀਲਰਾਂ ਤੋਂ ਹੀ ਕੀੜੇਮਾਰ ਦਵਾਈਆਂ ਖ਼ਰੀਦਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ’ਤੇ ਫੀਸ ਦੇਣ ਲਈ ਦਬਾਅ ਬਣਾਉਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਿਤਾਬਾਂ ਕਾਪੀਆਂ ਨਾ ਮੁਹੱਈਆ ਕਰਵਾਉਣ ਬਾਰੇ ਕੀਤੀ ਸ਼ਿਕਾਇਤ ਦੀ ਜਾਂਚ ਦੇ ਨਿਰਦੇਸ਼ ਦਿੱਤੇ। ਫਤਹਿਗੜ੍ਹ ਸਾਹਿਬ ’ਚ ਪਸ਼ੂ ਮੰਡੀਆਂ ਮੁੜ ਚਾਲੂ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਹ ਵਿਭਾਗ ਨੂੰ ਮੰਡੀਆਂ ਮੁੜ ਚਾਲੂ ਕਰਨ ਬਾਰੇ ਨਿਰਦੇਸ਼ ਦੇਣਗੇ।
ਮੁੱਖ ਮੰਤਰੀ ਨੇ ਪਟਿਆਲਾ ਦੇ ਇਕ ਵਾਸੀ ਨੂੰ ਭਰੋਸਾ ਦਿੱਤਾ ਕਿ ਪਟਵਾਰੀਆਂ ਦੀਆਂ ਅਸਾਮੀਆਂ ਲਈ ਲੇਟ ਹੋਈ ਪ੍ਰੀਖਿਆ ਜਲਦੀ ਹੋਵੇਗੀ ਅਤੇ ਇਹ ਭਰਤੀ ਹੁਣ ਕੇਂਦਰ ਸਰਕਾਰ ਦੇ ਸਕੇਲਾਂ ’ਤੇ ਹੋਵੇਗੀ। ਇਕ ਹਸਪਤਾਲ ਵਿੱਚ ਦਾਖ਼ਲੇ ਲਈ ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ ਕਬੂਲ ਨਾ ਕੀਤੇ ਜਾਣ ਬਾਰੇ ਪਠਾਨਕੋਟ ਦੇ ਇਕ ਵਾਸੀ ਵੱਲੋਂ ਕੀਤੀ ਸ਼ਿਕਾਇਤ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਦੱਸਿਆ ਗਿਆ ਹਸਪਤਾਲ ਅਧਿਕਾਰਤ ਹਸਪਤਾਲਾਂ ਦੀ ਸੂਚੀ ਵਿੱਚ ਨਹੀਂ ਸੀ ਅਤੇ ਕਾਰਡ ਧਾਰਕਾਂ ਨੂੰ ਸਿਰਫ਼ ਅਧਿਕਾਰਤ ਹਸਪਤਾਲਾਂ ਵਿੱਚ ਹੀ ਜਾਣਾ ਚਾਹੀਦਾ ਹੈ।

Radio Mirchi