ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਾਕਿ ਜਾਣ ਦੀ ਨਾ ਮਿਲੀ ਆਗਿਆ
ਚੰਡੀਗੜ੍ਹ-ਕੇਂਦਰ ਸਰਕਾਰ ਵਲੋਂ ਪੰਜਾਬ ਦੇ ਪਾਕਿਸਤਾਨ ਜਾਣ ਵਾਲੇ 31 ਮੈਂਬਰੀ ਵਫਦ ਵਿਚੋਂ ਸਿਰਫ਼ 11 ਪੱਤਰਕਾਰਾਂ ਅਤੇ ਅਧਿਕਾਰੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਕਾਰਨ ਦੌਰੇ ਦਾ ਮੰਤਵ ਹੀ ਖਤਮ ਹੋ ਗਿਆ ਹੈ। ਇਸ ਫੈਸਲੇ ਨਾਲ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚਾਲੇ ਨਾਰਾਜ਼ਗੀ ਦੇ ਆਸਾਰ ਹਨ। ਵਫਦ ਨੇ ਇਸ ਫੈਸਲੇ ਲਈ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੱਤਰਕਾਰਾਂ ਨੇ 550ਵੇਂ ਗੁਰਪੁਰਬ ਸਬੰਧੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਅਤੇ ਪਾਕਿਸਤਾਨ ਵਿਚ ਗੁਰਪੁਰਬ ਨਾਲ ਸਬੰਧਤ ਖਬਰਾਂ ਭੇਜਣੀਆਂ ਸਨ। ਜਦੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਤਾਂ ਪੱਤਰਕਾਰ ਅਤੇ ਅਧਿਕਾਰੀ ਵੀ ਪਾਕਿਸਤਾਨ ਨਹੀਂ ਜਾ ਰਹੇ। ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਵਲੋਂ ਪ੍ਰਵਾਨਗੀ ਨਾ ਦੇਣ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਦਾ ਫੈਸਲਾ ਗੈਰ ਸੰਵਿਧਾਨਕ ਅਤੇ ਦੇਸ਼ ਦੇ ਸੰਘੀ ਢਾਂਚੇ ਲਈ ਵੱਡਾ ਖਤਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਨੀਤਕ ਪ੍ਰਵਾਨਗੀ ਨਾ ਦੇਣ ਪਿੱਛੇ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਫੈਸਲਾ ਕਰਵਾ ਕੇ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਫਲਸਫੇ ਨੂੰ ਢਾਹ ਲਾਈ ਹੈ। ਇਸ ਨਾਲ ਦੋਵਾਂ ਪਾਰਟੀਆਂ ਦਾ ਪੰਥ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਵਫਦ ਨੇ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਗੁਰਦੁਆਰੇ ਜਾ ਕੇ 31 ਅਕਤੂਬਰ ਨੂੰ 550ਵੇਂ ਗੁਰਪੁਰਬ ਸਬੰਧੀ ਅਖੰਡ ਪਾਠ ਰਖਵਾਉਣਾ ਸੀ ਤੇ ਉਥੋਂ ਦੋ ਨਵੰਬਰ ਨੂੰ ਨਗਰ ਕੀਰਤਨ ਨੂੰ ਸੁਲਤਾਨਪੁਰ ਲੋਧੀ ਲਈ ਰਵਾਨਾ ਕਰਨਾ ਸੀ।