ਪੰਜਾਬ ਬਜਟ: ਮਾਲਵਾ ਖ਼ਿੱਤੇ ਲਈ ਮਨਪ੍ਰੀਤ ਨੇ ਪੁਰਾਣਾ ਰਾਗ ਛੇੜਿਆ
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਬਜਟ ’ਚ ਅੱਜ ਮਾਲਵਾ ਖ਼ਿੱਤੇ ਲਈ ਨਵੇਂ ਪ੍ਰਾਜੈਕਟਾਂ ਦਾ ਪਿਟਾਰਾ ਖੋਲ੍ਹਿਆ ਹੈ ਜਦੋਂਕਿ ਪਿਛਲੇ ਬਜਟ ’ਚ ਐਲਾਨੇ ਪ੍ਰਾਜੈਕਟ ਕਿਤੇ ਲੱਭਦੇ ਹੀ ਨਹੀਂ ਹਨ। ਮਨਪ੍ਰੀਤ ਨੇ ਅੱਜ ਦੇ ਬਜਟ ’ਚ ਮਾਲਵੇ ਲਈ ਪੁਰਾਣਾ ਰਾਗ ਹੀ ਅਲਾਪਿਆ। ਉਨ੍ਹਾ ਬਠਿੰਡਾ ਸ਼ਹਿਰ ’ਚ ਨਵਾਂ ਮੈਗਾ ਸਨਅਤੀ ਪਾਰਕ ਬਣਾਉਣ ਦਾ ਐਲਾਨ ਕੀਤਾ। ਤੀਹ ਵਰ੍ਹਿਆਂ ਤੋਂ ਬਠਿੰਡਾ ਸ਼ਹਿਰ ਨੂੰ ਸਨਅਤੀ ਸ਼ਹਿਰ ਬਣਾਏ ਜਾਣ ਦਾ ਰਾਗ ਅਲਾਪਿਆ ਜਾ ਰਿਹਾ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਬਠਿੰਡਾ ਸ਼ਹਿਰ ਨੂੰ ਟੈਕਸਟਾਈਲ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ ਜੋ ਅੱਜ ਤੱਕ ਹਕੀਕਤ ਨਹੀਂ ਬਣ ਸਕਿਆ। ਗੱਠਜੋੜ ਸਰਕਾਰ ਸਮੇਂ ਮਈ 2012 ’ਚ ਬਠਿੰਡਾ ’ਚ ਮੈਗਾ ਇੰਟੈਗਰਲ ਟੈਕਸਾਈਲ ਪਾਰਕ ਬਣਾਏ ਜਾਣ ਦਾ ਐਲਾਨ ਕੀਤਾ ਪਰ ਅਮਲ ’ਚ ਕਿਧਰੇ ਦਿੱਖ ਨਹੀਂ ਰਿਹਾ ਹੈ। ਮਨਪ੍ਰੀਤ ਬਾਦਲ ਨੇ ਆਪਣੇ ਹਲਕਾ ਬਠਿੰਡਾ ’ਚ ਪਿਛਲੇ ਬਜਟ ਵਿਚ ਪੰਜਾਬੀ ਖਾਣੇ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਫੂਡ ਸਟਰੀਟ ਅਤੇ ਦੂਸਰਾ ਸੰਚਾਰ ਹੁਨਰ ਬਿਹਤਰ ਬਣਾਉਣ ਲਈ ਬਿਟ੍ਰਿਸ਼ ਕੌਂਸਲ ਦੀ ਮਦਦ ਨਾਲ ਇੱਕ ਲੈਬ ਬਣਾਉਣ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਇਕਬਾਲ ਢਿੱਲੋਂ ਉਰਸ਼ ਬਬਰੀ ਢਿੱਲੋਂ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਦੋਵੇਂ ਪ੍ਰਾਜੈਕਟ ਕਿਧਰੇ ਨਜ਼ਰ ਨਹੀਂ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਜਟ ’ਚ ਅੱਜ ਕੀਤੇ ਐਲਾਨ ਵੀ ਸੁਪਨਾ ਹੀ ਬਣਨਗੇ।
ਉਂਜ ਵੀ ਬਠਿੰਡਾ ਸ਼ਹਿਰ ਦੇ ਲੋਕਾਂ ਨੂੰ ਹੁਣ ਛੇਤੀ ਕਿਤੇ ਭਰੋਸਾ ਨਹੀਂ ਬੱਝਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਮੌਕੇ ਨਰਮਾ ਪੱਟੀ ਦਾ ਸਨਅਤੀਕਰਨ ਦਾ ਐਲਾਨ ਕੀਤਾ ਸੀ, ਜੋ ਅਮਲ ਵਿਚ ਨਹੀਂ ਆ ਸਕਿਆ ਹੈ। ਖ਼ਜ਼ਾਨਾ ਮੰਤਰੀ ਨੇ ਬਠਿੰਡਾ ਸ਼ਹਿਰ ਲਈ ਓਵਰ ਬਰਿੱਜ/ਅੰਡਰ ਬਰਿੱਜ ਵਾਸਤੇ ਕਰੋੜਾਂ ਰੁਪਏ ਦੀ ਰਾਸ਼ੀ ਪੰਜਾਬ ਬਜਟ ਵਿੱਚ ਐਤਕੀਂ ਰਾਖਵੀਂ ਰੱਖੀ ਹੈ। ਮਨਪ੍ਰੀਤ ਬਾਦਲ ਨੇ ਪਿਛਲੇ ਬਜਟ ਵਿਚ ਰਾਮਪੁਰਾ ਫੂਲ ਲਈ ਉਦਯੋਗਿਕ ਸਿਖਲਾਈ ਸੰਸਥਾ ਦਾ ਐਲਾਨ ਕੀਤਾ ਸੀ। ਅੱਜ ਮੁੜ ਇਸੇ ਸੰਸਥਾ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਚ ਬਣਾਉਣ ਦੀ ਤਜਵੀਜ਼ ਹੈ। ਮਾਨਸਾ ਦੇ ਪਿੰਡ ਢੈਪਈ ਅਤੇ ਫਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਵਿਚ ਵੀ ਏਦਾਂ ਦੀ ਸੰਸਥਾ ਬਣਾਈ ਜਾਣੀ ਹੈ। ਫਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਵਿਚ 62 ਕਰੋੋੜ ਦੀ ਲਾਗਤ ਨਾਲ ਵੈਟਰਨਰੀ ਕਾਲਜ ਅਤੇ ਖੇਤਰੀ ਖੋਜ ਕੇਂਦਰ ਬਣਾਇਆ ਜਾਣਾ ਹੈ ਅਤੇ ਇਸ ਬਜਟ ਵਿਚ 10 ਕਰੋੜ ਦੀ ਵਿਵਸਥਾ ਕੀਤੀ ਗਈ ਹੈ। ਖਜ਼ਾਨਾ ਮੰਤਰੀ ਨੇ ਪਿਛਲੇ ਸਾਲ ਬਠਿੰਡਾ ਦੇ ਭੁੱਚੋ ਮੰਡੀ, ਬੱਲੂਆਣਾ, ਧਰਮਕੋਟ, ਨਾਭਾ ਅਤੇ ਮਲੋਟ ਵਿਚ ਨਵੇਂ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਸ ਵੀ ਹਵਾ ਵਿਚ ਲਟਕੇ ਹੋਏ ਪ੍ਰਾਜੈਕਟ ਬਣ ਕੇ ਰਹਿ ਗਏ। ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਵਿਚ ਨਵਾਂ ਬੱਸ ਅੱਡਾ ਬਣਾਏ ਜਾਣ ਦਾ ਪਿਛਲੇ ਬਜਟ ਵਿਚ ਐਲਾਨ ਕੀਤਾ ਸੀ ਪ੍ਰੰਤੂ ਅੱਜ ਤੱਕ ਇਹ ਨਵਾਂ ਅੱਡਾ ਨਹੀਂ ਬਣਿਆ ਹੈ।