ਪੰਜਾਬ ਬੋਰਡ ਦੇ ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਹੋਣਗੇ ਪ੍ਰਮੋਟ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਮਗਰੋਂ ਹੁਣ ਕੋਵਿਡ ਮਹਾਮਾਰੀ ਦੇ ਪਸਾਰ ਨੂੰ ਦੇਖਦਿਆਂ ਪੰਜਾਬ ਵਿਚ ਪੰਜਵੀਂ, ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆਵਾਂ ਦੇ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਵੀਂ, ਅੱਠਵੀਂ ਅਤੇ ਦਸਵੀਂ ਦੇ ਕਰੀਬ 9.63 ਲੱਖ ਵਿਦਿਆਰਥੀ ਬਿਨਾਂ ਪ੍ਰੀਖਿਆ ਤੋਂ ਅਗਲੀਆਂ ਕਲਾਸਾਂ ਵਿਚ ਪ੍ਰਮੋਟ ਹੋਣਗੇ। ਪੰਜਵੀਂ ਕਲਾਸ ਦੀ ਪ੍ਰੀਖਿਆ ਦਾ ਸਿਰਫ ਇੱਕ ਪੇਪਰ ਹੋਣਾ ਬਾਕੀ ਰਹਿ ਗਿਆ ਸੀ ਜਦਕਿ ਚਾਰ ਪੇਪਰ ਪਹਿਲਾਂ ਹੀ ਹੋ ਚੁੱਕੇ ਸਨ ਅਤੇ ਹੁਣ ਇਨ੍ਹਾਂ ਚਾਰੋਂ ਪੇਪਰਾਂ ਦੇ ਅਧਾਰ ’ਤੇ ਨਤੀਜਾ ਐਲਾਨੇ ਜਾਣ ਦੀ ਹਦਾਇਤ ਕਰ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ, ਜੋ ਪਹਿਲਾਂ ਹੀ ਮੁਲਤਵੀ ਹੋ ਚੁੱਕੀਆਂ ਹਨ, ਬਾਰੇ ਫ਼ੈਸਲਾ ਬਾਅਦ ਵਿਚ ਸਥਿਤੀ ਦੇ ਆਧਾਰ ਉਤੇ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕੋਵਿਡ ਦੀ ਸਮੀਖਿਆ ਬਾਰੇ ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ 30 ਅਪਰੈਲ ਤੱਕ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਸਕੂਲੀ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਪ੍ਰੀਖਿਆ ਮੁਲਤਵੀ ਕਰਕੇ ਇਹ ਰਾਹਤ ਦੇਣੀ ਜ਼ਰੂਰੀ ਸੀ। ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਅੱਠਵੀਂ ਅਤੇ ਦਸਵੀਂ ਜਮਾਤ ਲਈ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਵੱਲੋਂ ਆਪਣੇ ਤੌਰ ’ਤੇ ਲਈਆਂ ਗਈਆਂ ਪ੍ਰੀਖਿਆਵਾਂ ਦੇ ਆਧਾਰ ਨਤੀਜਾ ਐਲਾਨਿਆ ਜਾ ਸਕਦਾ ਹੈ। ਮੀਟਿੰਗ ’ਚ ਮੁੱਖ ਮੰਤਰੀ ਨੇ ਟੀਕਾਕਰਨ ਦੀ ਰੋਜ਼ਾਨਾ ਦੀ ਗਿਣਤੀ ਵਧਾ ਕੇ ਦੋ ਲੱਖ ਕਰਨ ਦੇ ਹੁਕਮ ਵੀ ਕੀਤੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਦੀ ਦਰ 8.1 ਫੀਸਦੀ ਹੈ। ਉਨ੍ਹਾਂ ਟੀਕੇ ਲਾਉਣ ਵਾਲਿਆਂ ਲਈ ਓਵਰਟਾਈਮ ਭੱਤੇ ਅਤੇ ਹਫਤਾਵਰੀ ਛੁੱਟੀ ਤੁਰੰਤ ਦੇਣ ਦੇ ਹੁਕਮ ਜਾਰੀ ਕੀਤੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਵੈਂਟੀਲੇਟਰ ਲੋੜ ਵਾਲੇ ਹਸਪਤਾਲਾਂ ਨੂੰ ਦਿੱਤੇ ਜਾਣ। ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਸ ਵੇਲੇ ਆਕਸੀਜ਼ਨ ਦੀ ਘਾਟ ਨਹੀਂ ਹੈ ਅਤੇ ਤਿੰਨ ਆਕਸੀਜ਼ਨ ਪਲਾਂਟ ਪਹਿਲਾਂ ਹੀ ਚੱਲ ਰਹੇ ਹਨ ਅਤੇ ਦੋ ਹੋਰ ਪ੍ਰਕਿਰਿਆ ਅਧੀਨ ਹਨ। ਮੁੱਖ ਮੰਤਰੀ ਨੇ ਫੂਡ ਕਿੱਟਾਂ ਵੰਡਣ ਦੀ ਵੀ ਸ਼ੁਰੂਆਤ ਕੀਤੀ ਜੋ ਗਰੀਬ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣੀਆਂ ਹਨ।
ਮੁੱਖ ਮੰਤਰੀ ਨੇ ਪੁਲੀਸ ਵਿਭਾਗ ਨੂੰ ਸਖ਼ਤ ਹੁਕਮ ਦਿੱਤੇ ਕਿ ਮੈਰਿਜ ਪੈਲੇਸਾਂ ਸਮੇਤ ਜਨਤਕ ਥਾਵਾਂ ’ਤੇ ਕੋਵਿਡ ਸਬੰਧੀ ਇਹਤਿਆਤ ਨਾ ਵਰਤਣ ਵਾਲੇ ਲੋਕਾਂ ਨੂੰ ਫੌਰੀ ਟੈਸਟਿੰਗ ਲਈ ਲਿਜਾਇਆ ਜਾਵੇ ਤੇ ਜੇਕਰ ਉਹ ਲੋਕ ਸਹਿਮਤ ਤੇ ਯੋਗ ਹੋਣ ਤਾਂ ਉਨ੍ਹਾਂ ’ਤੇ ਬਿਨਾਂ ਕਿਸੇ ਤਰ੍ਹਾਂ ਦੇ ਦਬਾਅ ਦੀ ਵਰਤੋਂ ਕੀਤੇ ਟੀਕਾਕਰਨ ਲਈ ਲਿਜਾਇਆ ਜਾਵੇ। ਮੁੱਖ ਮੰਤਰੀ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੂੰ ਰੋਕਣ ਲਈ ਕੋਵਿਡ ਇਹਤਿਆਤ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ।
ਹਰਿਆਣਾ ਸਰਕਾਰ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਅੱਜ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਜਦਕਿ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੀਬੀਐੱਸਈ ਦੇ ਫ਼ੈਸਲੇ ਤੋਂ ਬਾਅਦ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਵੀ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਂਦੀਆਂ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਦੇ ਆਧਾਰ ’ਤੇ ਐਲਾਨਿਆ ਜਾਵੇਗਾ।