ਪੰਜਾਬ ਵਿੱਚ 24 ਘੰਟਿਆਂ ਦੌਰਾਨ ਕਰੋਨਾ ਦੇ ਦੋ ਮਰੀਜ਼
ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ ਸਿਰਫ਼ ਦੋ ਮਰੀਜ਼ ਸਾਹਮਣੇ ਆਉਣ ਨਾਲ ਸੂਬੇ ਦੇ ਸਿਹਤ ਵਿਭਾਗ ਨੇ ਕੁਝ ਰਾਹਤ ਮਿਲੀ ਹੈ। ਸਿਹਤ ਵਿਭਾਗ ਮੁਤਾਬਕ ਅੱਜ ਜਲੰਧਰ ਤੇ ਮੁਹਾਲੀ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਸੂਬੇ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 246 ਹੋ ਗਈ ਹੈ। ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ 38 ਮਰੀਜ਼ਾਂ ਨੇ ਕਰੋਨਾ ’ਤੇ ਫਤਿਹ ਪਾ ਲਈ ਹੈ। ਨਵਾਂ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨਾਲ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਹੋਈ ਸੀ ਉਥੇ ਪਿਛਲੇ ਕਈ ਹਫਤਿਆਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਇਥੋਂ ਤੱਕ ਕਿ ਇਸ ਜ਼ਿਲ੍ਹੇ ਦੇ ਇਲਾਜ ਅਧੀਨ 18 ਮਰੀਜ਼ਾਂ ਵਿੱਚੋਂ 17 ਸਿਹਤਯਾਬ ਹੋ ਗਏ ਹਨ ਤੇ ਇਸ ਸਮੇਂ ਸਿਰਫ਼ ਇੱਕੋ ਮਰੀਜ਼ ਹੀ ਜ਼ੇਰੇ ਇਲਾਜ ਹੈ। ਮੁਹਾਲੀ ਵਿੱਚ ਵੀ ਮਰੀਜ਼ਾਂ ਦਾ ਅੰਕੜਾ ਤਾਂ 62 ਤੱਕ ਪਹੁੰਚਿਆ ਹੋਇਆ ਹੈ ਪਰ 8 ਮਰੀਜ਼ਾਂ ਨੇ ਕਰੋਨਾ ਤੋਂ ਛੁਟਕਾਰਾ ਪਾ ਲਿਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਇਸ ਸਮੇਂ ਕੋਈ ਵੀ ਮਰੀਜ਼ ਇਲਾਜ ਅਧੀਨ ਨਹੀਂ ਹੈ। ਇਸ ਜ਼ਿਲ੍ਹੇ ਵਿੱਚ ਦੋ ਮਹਿਲਾਵਾਂ ਨੂੰ ਵਾਇਰਸ ਦੀ ਲਾਗ ਲੱਗਣ ਦੇ ਮਾਮਲੇ ਸਾਹਮਣੇ ਆਏ ਸਨ। ਇੱਕ ਮਹਿਲਾ, ਜੋ ਕਿ ਪਹਿਲਾਂ ਹੀ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ, ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ’ਚ ਮੌਤ ਹੋ ਗਈ ਸੀ ਜਦੋਂ ਕਿ ਦੂਜੀ ਮਹਿਲਾ ਦੇ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਵੀ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਨਾਲ ਮਾਲਵੇ ਦੇ ਇਸ ਜ਼ਿਲ੍ਹੇ ਵਿੱਚ ਕਰੋਨਾ ਤੋਂ ਪੀੜਤ ਕੋਈ ਵੀ ਮਰੀਜ਼ ਹਸਪਤਾਲ ਭਰਤੀ ਨਹੀਂ ਹੈ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਇਸ ਸਮੇਂ ਜਲੰਧਰ, ਮੁਹਾਲੀ, ਪਟਿਆਲਾ, ਲੁਧਿਆਣਾ ਅਤੇ ਪਠਾਨਕੋਟ ਅਜਿਹੇ ਜ਼ਿਲ੍ਹੇ ਬਣ ਗਏ ਹਨ ਜਿੱਥੇ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਅੱਜ ਜਲੰਧਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ ਨਾ ਆਉਣ ਕਾਰਨ ਰਾਹਤ ਤਾਂ ਮਿਲੀ ਹੈ ਪਰ ਵਿਭਾਗ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਪੰਜਾਬ ਵਿੱਚ ਇਸ ਸਮੇਂ ਪਟਿਆਲਾ ਵਿੱਚ ਹੀ ਇੱਕ ਮਰੀਜ਼ ਨੂੰ ਵੈਂਟੀਲੇਟਰ ਦੀ ਮਦਦ ਦਿੱਤੀ ਜਾ ਰਹੀ ਹੈ। ਸੂਬਾ ਸਰਕਾਰ ਦੀ ਅਧਿਕਾਰਤ ‘ਐਪ’ ਮੁਤਾਬਕ 12 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਘਰਾਂ ਅੰਦਰ ਹੀ ਏਕਾਂਤ ’ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ 1421 ਵਿਅਕਤੀਆਂ ਨੂੰ ਹਸਪਤਾਲਾਂ ਵਿੱਚ ਏਕਾਂਤਵਾਸ ਕੀਤਾ ਗਿਆ ਹੈ।