ਪੰਜਾਬ-ਹਰਿਆਣਾ ਵਿੱਚ ਅਗਲੇ ਤਿੰਨ ਦਿਨ ਭਰਵਾਂ ਮੀਂਹ ਪੈਣ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ’ਚ ਲੰਘੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਭਾਵੇਂ ਦੋਵੇਂ ਸੁੂਬਿਆਂ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ ਪਰ ਸੀਤ ਲਹਿਰ ਨੇ ਲੋਕਾਂ ਨੂੰ ਘਰਾਂ ਵਿੱਚ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨ ਪੰਜਾਬ ਅਤੇ ਹਰਿਆਣਾ ’ਚ ਤੇਜ਼ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਤੋਂ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਮੋਗਾ, ਮੁਕਤਸਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਕਈ ਥਾਵਾਂ ’ਤੇ ਅੱਜ ਦਿਨ ਵੇਲੇ ਵੀ ਮੀਂਹ ਪਿਆ। ਬਠਿੰਡਾ ਸ਼ਹਿਰ ਅੱਜ ਸੂਬੇ ’ਚ ਸਭ ਤੋਂ ਠੰਢਾ ਰਿਹਾ ਜਿੱਥੇ ਘੱਟ ਤੋਂ ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਘੱਟ ਤੋਂ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ, ਲੁਧਿਆਣਾ ’ਚ 10.7, ਪਟਿਆਲਾ ’ਚ 9.4, ਪਠਾਨਕੋਟ ’ਚ 9.6, ਫਰੀਦਕੋਟ ’ਚ 10 ਅਤੇ ਮੋਗਾ ’ਚ 9.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਹਰਿਆਣਾ ’ਚ ਵੀ ਮੀਂਹ ਨੇ ਲੋਕਾਂ ਦੀਆਂ ਮੁਸੀਬਤਾਂ ਵਧਾਈਆਂ ਹਨ।
ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਘੱਟੋ ਘੱਟ ਤਾਪਮਾਨ ਭਾਵੇਂ ਥੋੜ੍ਹਾ ਡਿੱਗਿਆ ਹੈ ਪਰ ਸੈਰ ਸਪਾਟੇ ਵਾਲੀਆਂ ਥਾਵਾਂ ਗੁਲਮਰਗ ਅਤੇ ਪਹਿਲਗਾਮ ’ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਬੱਦਲਵਾਈ ਰਹੇਗੀ ਅਤੇ 22 ਤੇ 23 ਜਨਵਰੀ ਨੂੰ ਹਲਕਾ ਮੀਂਹ ਅਤੇ ਬਰਫ਼ ਪੈਣ ਦੀ ਸੰਭਾਵਨਾ ਹੈ। ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਲਮਰਗ ’ਚ ਤਾਪਮਾਨ ਮਨਫ਼ੀ 5 ਡਿਗਰੀ ਜਦਕਿ ਪਹਿਲਗਾਮ ’ਚ ਮਨਫ਼ੀ 0.6 ਡਿਗਰੀ ਸੈਲਸੀਅਸ ਰਿਹਾ।