ਪੰਜਾਬ ’ਚ ਦੁਬਾਰਾ ਲੌਕਡਾਊਨ ਦੀ ਲੋੜ ਨਹੀਂ ਪੈਣੀ: ਅਮਰਿੰਦਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਕੋਵਿਡ-19 ਖ਼ਿਲਾਫ਼ ਜੰਗ ’ਚ ਪੰਜਾਬ ਦਾ ‘ਮਿਸ਼ਨ ਫ਼ਤਿਹ’ ਕਾਮਯਾਬ ਰਿਹਾ ਹੈ ਅਤੇ ਇਸ ਮਹਾਮਾਰੀ ਨੂੰ ਹੁਣ ਪੰਜਾਬ ’ਚ ਹੋਰ ਫੈਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਮਹਾਮਾਰੀ ਨੂੰ ਕਾਬੂ ਕੀਤਾ ਗਿਆ ਹੈ, ਉਸ ਤੋਂ ਸਾਫ ਹੈ ਕਿ ਪੰਜਾਬ ’ਚ ਦੁਬਾਰਾ ਸਖ਼ਤੀ ਨਾਲ ਲੌਕਡਾਊਨ ਲਾਗੂ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਵੀ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਮ ਖੋਲ੍ਹਣ ਦਾ ਫੈਸਲਾ 31 ਮਈ ਤੋਂ ਬਾਅਦ ਲਿਆ ਜਾਵੇਗਾ। ਮੁੱਖ ਮੰਤਰੀ ਨੇ ਅੱਜ ਫੇਸਬੁੱਕ ’ਤੇ ‘ਕੈਪਟਨ ਨੂੰ ਸੁਆਲ’ ਲਾਈਵ ਪ੍ਰੋਗਰਾਮ ਦੌਰਾਨ ਕਿਹਾ ਕਿ ਦੇਸ਼ ਵਿਦੇਸ਼ ’ਚੋਂ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਬਾਹਰੋਂ ਆਉਣ ਵਾਲਿਆਂ ਦੀ ਜਾਂਚ ਸੂਬੇ ਅਤੇ ਜ਼ਿਲ੍ਹਿਆਂ ਦੇ ਪ੍ਰਵੇਸ਼ ਲਾਂਘਿਆਂ ਦੇ ਨਾਲ-ਨਾਲ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ’ਤੇ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੂਸਰੇ ਮੁਲਕਾਂ ਜਾਂ ਸੂਬਿਆਂ ਵੱਲੋਂ ਕੀਤੀ ਜਾਂਚ ਦੇ ਜਾਰੀ ਸਰਟੀਫਿਕੇਟਾਂ ’ਤੇ ਭਰੋਸਾ ਨਹੀਂ ਹੈ। ਵਿਦੇਸ਼ ’ਚੋਂ ਪਰਤਣ ਵਾਲਿਆਂ ਦੇ ਨਾਲ ਰੋਗ ਦੇ ਫੈਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ’ਚੋਂ 88 ਉਡਾਣਾਂ ਜ਼ਰੀਏ 20 ਹਜ਼ਾਰ ਪਰਵਾਸੀਆਂ ਦੇ ਪੰਜਾਬ ਪਰਤਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਰੋਬਾਰੀ ਹੁਣ ਪੰਜਾਬ ਵਿਚ ਨਿਵੇਸ਼ ਲਈ ਰੁਚੀ ਦਿਖਾਉਣ ਲੱਗੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿੱਤਰੀ ਰਾਜਾਂ ’ਚ ਪਰਤਣ ਦੇ ਇੱਛੁਕ ਪੰਜਾਹ ਫੀਸਦੀ ਪਰਵਾਸੀ ਕਾਮੇ ਹੁਣ ਪੰਜਾਬ ’ਚ ਹੀ ਰੁਕਣ ਦਾ ਫੈਸਲਾ ਕਰ ਚੁੱਕੇ ਹਨ। ਪੰਜਾਬ ਵਿੱਚ 2.56 ਲੱਖ ਉਦਯੋਗਾਂ ਵਿੱਚੋਂ 1.5 ਲੱਖ ਉਦਯੋਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਨਿਵੇਸ਼ ਲਈ ਦੂਸਰੇ ਮੁਲਕਾਂ ਦੇ ਦੂਤਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਕਾਫ਼ੀ ਮੱਠੀ ਹੈ ਅਤੇ ਪੰਜਾਬ ’ਚ 2028 ਪਾਜ਼ੇਟਿਵ ਕੇਸਾਂ ਵਿੱਚੋਂ 1819 ਪੂਰੀ ਤਰਾਂ ਠੀਕ ਹੋ ਚੁੱਕੇ ਹਨ। ਕੋਵਿਡ ਪ੍ਰੋਟੋਕੋਲ ਲਾਗੂ ਕਰਨ ਲਈ ਪੁਲੀਸ ਨੂੰ ਸਖ਼ਤੀ ਨਾਲ ਹਦਾਇਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਣਕ ਦੀ ਖਰੀਦ ’ਤੇ ਤਸੱਲੀ ਜ਼ਾਹਰ ਕੀਤੀ।