ਪੰਜਾਬ ’ਚ ਧੁੰਦ ਤੇ ਠੰਢ ਕਾਰਨ ਸਾਰੇ ਸਕੂਲਾਂ ਦਾ ਸਮਾਂ ਅੱਜ ਤੋਂ ਤਬਦੀਲ

ਪੰਜਾਬ ’ਚ ਧੁੰਦ ਤੇ ਠੰਢ ਕਾਰਨ ਸਾਰੇ ਸਕੂਲਾਂ ਦਾ ਸਮਾਂ ਅੱਜ ਤੋਂ ਤਬਦੀਲ

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਾਰ ਠੰਢ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਘਟ ਗਈ ਹੈ।
ਇਸ ਸਬੰਧੀ ਅੱਜ ਇੱਥੇ ਜਾਣਕਾਰੀ ਦਿੰਦਿਆਂ ਡੀਪੀਆਈ (ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਅਤੇ ਖ਼ਰਾਬ ਮੌਸਮ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਭਲਕੇ 24 ਤੋਂ ਲੈ ਕੇ 15 ਜਨਵਰੀ 2020 ਤੱਕ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕੀਤਾ ਗਿਆ ਹੈ। ਇੰਜ ਹੀ ਸਾਰੇ ਐਲੀਮੈਂਟਰੀ/ ਹਾਈ/ ਸੀਨੀਅਰ ਸੈਕੰਡਰੀ ਸਕੂਲ ਸਵੇਰੇ 10 ਵਜੇ ਲੱਗਣਗੇ ਅਤੇ ਬਾਅਦ ਦੁਪਹਿਰ 4 ਵਜੇ ਛੁੱਟੀ ਹੋਵੇਗੀ।
ਡਬਲ ਸ਼ਿਫ਼ਟ ਵਿੱਚ ਚੱਲਣ ਵਾਲੇ ਸਾਰੇ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ। ਇਸ ਸਬੰਧੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿੱਥੇ ਬੀਤੀ 19 ਦਸੰਬਰ ਨੂੰ ਹੁਕਮ ਜਾਰੀ ਕਰ ਕੇ ਪੰਜਾਬ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 25 ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੋਇਆ ਹੈ, ਉੱਥੇ ਹੁਣ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਅ ਲਈ ਸਾਰੇ ਸਕੂਲਾਂ ਦਾ ਸਵੇਰੇ ਲੱਗਣ ਅਤੇ ਛੁੱਟੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ।
ਇਸ ਸਬੰਧੀ ਸਿੱਖਿਆ ਮੰਤਰੀ, ਸਿੱਖਿਆ ਵਿਭਾਗ ਦੇ ਸਕੱਤਰ, ਡੀਜੀਐੱਸਈ, ਡੀਪੀਆਈ (ਐਲੀਮੈਂਟਰੀ), ਐਸਸੀਈਆਰਟੀ ਪੰਜਾਬ ਦੇ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸਣੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਣੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਤਾਜ਼ਾ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਮੁਹਾਲੀ ਜ਼ਿਲ੍ਹੇ ’ਚ 10 ਤੋਂ 3 ਵਜੇ ਤੱਕ ਖੁੱਲ੍ਹਣਗੇ ਸਕੂਲ: ਡੀਸੀ
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪੈਂਦੇ ਸਰਕਾਰੀ/ਏਡਿਡ/ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਹੈ। ਡੀਸੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਧੁੰਦ ਕਾਰਨ ਹੁਣ ਸਮੁੱਚੇ ਜ਼ਿਲ੍ਹੇ ਵਿਚ ਪੈਂਦੇ ਸਾਰੇ ਸਕੂਲ ਸਵੇਰੇ 10 ਵਜੇ ਖੁੱਲ੍ਹਣਗੇ ਤੇ ਬਾਅਦ ਦੁਪਹਿਰ 3 ਵਜੇ ਬੰਦ ਹੋਣਗੇ। ਇਹ ਹੁਕਮ 6 ਜਨਵਰੀ 2020 ਤੱਕ ਲਾਗੂ ਰਹਿਣਗੇ।

Radio Mirchi