ਪੰਜਾਬ ’ਚ ਮੀਂਹ ਨੇ ਸੱਤ ਸਾਲਾਂ ਦਾ ਰਿਕਾਰਡ ਤੋੜਿਆ

ਪੰਜਾਬ ’ਚ ਮੀਂਹ ਨੇ ਸੱਤ ਸਾਲਾਂ ਦਾ ਰਿਕਾਰਡ ਤੋੜਿਆ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਹੋਈ ਭਰਵੀਂ ਬਾਰਿਸ਼ ਨੇ ਠੰਢ ਦੇ ਲੰਮਾ ਚੱਲਣ ਦਾ ਸੰਕੇਤ ਦਿੱਤਾ ਹੈ। ਮੌਸਮ ਵਿਭਾਗ ਦੇ ਡਾਇਰਕੈਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਜ਼ਿਆਦਾਤਰ ਹਿੱਸੇ ਅਤੇ ਚੰਡੀਗੜ੍ਹ ਵਿੱਚ ਜਿਸ ਤਰ੍ਹਾਂ ਲਗਾਤਾਰ ਮੀਂਹ ਪੈ ਰਿਹਾ ਹੈ, ਇਸ ਨੂੰ ਸਰਦ ਰੁੱਤ ਦੀ ਝੜੀ ਕਿਹਾ ਜਾ ਸਕਦਾ ਹੈ। ਇਹ ਝੜੀ ਸੱਤ ਸਾਲਾਂ ਬਾਅਦ ਲੱਗੀ ਹੈ। ਕਈ ਇਲਾਕਿਆਂ ਵਿੱਚ ਅੱਜ ਮੀਂਹ ਦੇ ਨਾਲ ਝੱਖੜ ਵੀ ਝੁੱਲਿਆ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਜ਼ਾ ਬਾਰਿਸ਼ ਕਾਰਨ ਪੰਜਾਬ ’ਚੋਂ ਫਸਲਾਂ ਦੇ ਖ਼ਰਾਬੇ ਦੀ ਹਾਲ ਦੀ ਘੜੀ ਕੋਈ ਰਿਪੋਰਟ ਨਹੀਂ ਹੈ, ਪਰ ਜੇ ਮੀਂਹ ਇਸੇ ਤਰ੍ਹਾਂ ਪੈਂਦਾ ਰਿਹਾ ਤਾਂ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹਨ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋ ਸਕਦਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ 16, 17 ਅਤੇ 18 ਜਨਵਰੀ ਨੂੰ ਪੰਜਾਬ ਦੇ ਕੁੱਝ ਹਿੱਸਿਆਂ ’ਚ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਕੁੱਝ ਹਿੱਸਿਆਂ ਅਤੇ ਚੰਡੀਗੜ੍ਹ ’ਚ ਭਲਕੇ ਵੀ ਬਾਰਿਸ਼ ਹੋ ਸਕਦੀ ਹੈ। ਮੀਂਹ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਘਟਣ ਦੇ ਆਸਾਰ ਹਨ, ਜਦੋਂ ਕਿ ਰਾਤ ਦਾ ਤਾਪਮਾਨ ਆਮ ਵਾਂਗ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਪੱਛਮੀ ਪੌਣਾਂ ’ਚ ਗੜਬੜੀ ਕਾਰਨ ਜਨਵਰੀ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਸੁਰਿੰਦਰ ਪਾਲ ਨੇ ਦੱਸਿਆ ਕਿ ਸਾਲ 2016, 2017 ਅਤੇ 2018 ਵਿੱਚ ਜਨਵਰੀ ਮਹੀਨੇ ਦੌਰਾਨ ਬਹੁਤ ਘੱਟ ਬਾਰਿਸ਼ਾਂ ਹੋਈਆਂ ਸਨ। ਇਸ ਵਾਰੀ ਸਿਰਫ਼ ਜਨਵਰੀ ਮਹੀਨੇ ਦੌਰਾਨ ਹੀ ਮੀਂਹ ਪੈਣ ਦੇ ਰਿਕਾਰਡ ਟੁੱਟਣ ਦੇ ਆਸਾਰ ਬਣਦੇ ਜਾ ਰਹੇ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅਤੇ ਮਾਲਵੇ ਵਿੱਚ ਅੱਜ ਮੀਂਹ ਦਾ ਜ਼ਿਆਦਾ ਜ਼ੋਰ ਦੇਖਿਆ ਗਿਆ। ਖੇਤੀਬਾੜੀ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਪਟਿਆਲਾ, ਮੁਹਾਲੀ, ਲੁਧਿਆਣਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ ਆਦਿ ਜ਼ਿਲ੍ਹਿਆਂ ਵਿੱਚ ਮੀਂਹ ਪਿਆ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਮੀਂਹ ਪੈਣ ਨਾਲ ਸਬਜ਼ੀਆਂ ਦੀ ਫਸਲ ’ਤੇ ਵੀ ਅਸਰ ਪੈ ਰਿਹਾ ਹੈ ਤੇ ਕੁੱਝ ਖੇਤਰਾਂ ਵਿੱਚ ਸਬਜ਼ੀਆਂ ਦੀ ਫਸਲ ਪ੍ਰਭਾਵਿਤ ਹੋਈ ਹੈ। ਚੰਡੀਗੜ੍ਹ ਵਿੱਚ ਜਨਵਰੀ ਮਹੀਨੇ ਹੁਣ ਤਕ 39 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

Radio Mirchi