ਫਰਿਜ਼ਨੋ: ਐਨੀਮਲ ਸ਼ੈਲਟਰ ਨੇੜੇ ਲੱਗੀ ਅੱਗ ਨੇ ਸਟਾਫ ਨੂੰ ਪਾਈ ਭਾਜੜ

ਫਰਿਜ਼ਨੋ (ਕੈਲੀਫੋਰਨੀਆ) -ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ 'ਚ ਇੱਕ ਐਨੀਮਲ ਸ਼ੈਲਟਰ ਦੇ ਨੇੜੇ ਹਾਈਵੇਅ 99 'ਤੇ ਘਾਹ ਨੂੰ ਲੱਗੀ ਅੱਗ ਕਾਰਨ ਸਟਾਫ 'ਚ ਹਫੜਾ ਦਫੜੀ ਮੱਚ ਗਈ ਸੀ। ਇਸ ਅੱਗ ਕਾਰਨ ਪਸ਼ੂਆਂ ਦੇ ਇਸ ਸ਼ੈਲਟਰ ਲਈ ਖਤਰਾ ਪੈਦਾ ਹੋ ਗਿਆ ਸੀ। ਇਸ ਸਬੰਧੀ ਫਰਿਜ਼ਨੋ ਫਾਇਰ ਵਿਭਾਗ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਸਵੇਰੇ ਲਗਭਗ 9:30 ਵਜੇ, ਬੇਲਮੋਂਟ ਐਵੇਨਿਊ ਅਤੇ ਹਾਈਵੇ 180 ਦੇ ਵਿਚਕਾਰ ਹਾਈਵੇ 99 ਦੇ ਨਾਲ ਲੱਗਦੇ ਘਾਹ ਨੂੰ ਕਈ ਥਾਵਾਂ 'ਤੇ ਅੱਗ ਲੱਗੀ।
ਇਨ੍ਹਾਂ ਵਿੱਚੋਂ ਦੋ ਥਾਂ ਅੱਗ ਹਾਈਵੇ 99 ਅਤੇ ਨੀਲਸਨ ਦੇ ਨੇੜੇ ਲੱਗੀ, ਜਿੱਥੇ ਫਰਿਜ਼ਨੋ ਹਿਊਮਨ ਐਨੀਮਲ ਸਰਵਿਸਿਜ਼ ਸ਼ੈਲਟਰ ਹਾਈਵੇ ਨੇੜੇ ਸਥਿਤ ਹੈ ਜਦਕਿ ਸ਼ੈਲਟਰ ਦਾ ਮੁੱਖ ਦਫਤਰ ਅੱਗ ਤੋਂ ਕੁਝ ਦੂਰੀ 'ਤੇ ਹੀ ਸਥਿਤ ਸੀ। ਇਸ ਐਨੀਮਲ ਸ਼ੈਲਟਰ ਦੇ ਕਰਮਚਾਰੀਆਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਵਿਭਾਗ ਦੁਆਰਾ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਅੱਗ ਦੀ ਵਜ੍ਹਾ ਨਾਲ ਐਨੀਮਲ ਸ਼ੈਲਟਰ ਜਾਂ ਕਿਸੇ ਕਰਮਚਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।