ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ

ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ

ਭਾਰਤ ਵਿਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਅੱਜ 151 ਹੋ ਗਈ ਹੈ। ਮੁਲਕ ਦੇ ਵੱਖ-ਵੱਖ ਹਿੱਸਿਆਂ ’ਚੋਂ ਕਈ ਨਵੇਂ ਕੇਸ ਰਿਪੋਰਟ ਹੋਏ ਹਨ। ਕੁੱਲ ਮਾਮਲਿਆਂ ’ਚ 25 ਵਿਦੇਸ਼ੀ ਨਾਗਰਿਕ ਵੀ ਹਨ। ਦਿੱਲੀ, ਕਰਨਾਟਕ ਤੇ ਮਹਾਰਾਸ਼ਟਰ ਵਿਚ ਹੁਣ ਤੱਕ ਤਿੰਨ ਮੌਤਾਂ ਹੋਈਆਂ ਹਨ। ਭਾਰਤੀ ਫ਼ੌਜ ’ਚ ਕਰੋਨਾਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਲੱਦਾਖ ਸਕਾਊਟ ਰੈਜੀਮੈਂਟ ਦਾ 34 ਸਾਲਾ ਜਵਾਨ ਲੇਹ ਵਿਚ ਵਾਇਰਸ ਤੋਂ ਪੀੜਤ ਹੈ। ਜਵਾਨ ਲੇਹ ਦੇ ਚੂਹੋਟ ਪਿੰਡ ਦਾ ਵਾਸੀ ਹੈ। ਉਸ ਨੂੰ ਹੁਣ ਹਸਪਤਾਲ ਵਿਚ ਵੱਖ ਕਰ ਕੇ ਰੱਖਿਆ ਜਾ ਰਿਹਾ ਹੈ। ਉਸ ਦੇ ਪਿਤਾ ਇਰਾਨ ਤੋਂ ਧਾਰਮਿਕ ਯਾਤਰਾ ਤੋਂ ਪਰਤੇ ਹਨ। ਉਹ ਏਅਰ ਇੰਡੀਆ ਦੀ ਉਡਾਨ ਰਾਹੀਂ 20 ਫਰਵਰੀ ਨੂੰ ਪਰਤੇ ਸਨ ਤੇ ਕੋਵਿਡ-19 ਦੇ ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ। ਜਵਾਨ ਦੇ ਪਿਤਾ ਨੂੰ ਲੱਦਾਖ ’ਚ ਇਕਾਂਤ ਵਿਚ ਰੱਖਿਆ ਗਿਆ ਸੀ। ਉਹ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਨ। ਹੁਣ ਜਵਾਨ ਦੀ ਭੈਣ, ਪਤਨੀ ਤੇ ਦੋ ਬੱਚਿਆਂ ਨੂੰ ਵੀ ਵੱਖ ਕਰ ਕੇ ਰੱਖਿਆ ਜਾ ਰਿਹਾ ਹੈ। ਉਸ ਦੇ ਸੰਪਰਕ ਵਿਚ ਆਏ ਹੋਰਨਾਂ ਨੂੰ ਵੀ ਵੱਖਰਾ ਰੱਖਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਨੇ ਸਟੀਕ ਗਿਣਤੀ ਨਹੀਂ ਦੱਸੀ। ਜਵਾਨ 25 ਫਰਵਰੀ ਤੋਂ ਛੁੱਟੀ ’ਤੇ ਸੀ ਤੇ ਡਿਊਟੀ ’ਤੇ 2 ਮਾਰਚ ਨੂੰ ਪਰਤਿਆ ਸੀ। ਉਸ ਨੂੰ ਸੱਤ ਮਾਰਚ ਤੋਂ ਵੱਖਰਾ ਕਰ ਕੇ ਰੱਖਿਆ ਗਿਆ ਸੀ ਤੇ 16 ਮਾਰਚ ਨੂੰ ਉਹ ਪਾਜ਼ੇਟਿਵ ਪਾਇਆ ਗਿਆ ਹੈ। ਜਵਾਨ ਦਾ ਭਰਾ ਵੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਹਾਲਾਂਕਿ ਜਵਾਨ ਛੁੱਟੀ ’ਤੇ ਹੋਣ ਕਾਰਨ ਯੂਨਿਟ ਦੇ ਕਿਸੇ ਹੋਰ ਜਵਾਨ ਦੇ ਸੰਪਰਕ ਵਿਚ ਨਹੀਂ ਆਇਆ। ਲੱਦਾਖ ਵਿਚ ਕੇਸਾਂ ਦੀ ਗਿਣਤੀ 8 ਹੋ ਗਈ ਹੈ। ਲੇਹ ਵਿਚ ਧਾਰਾ 144 ਲਾਈ ਜਾ ਰਹੀ ਹੈ। ਨੋਇਡਾ ਵਿਚ ਇੰਡੋਨੇਸ਼ੀਆ ਤੋਂ ਪਰਤਿਆ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇੱਥੇ ਪੀੜਤਾਂ ਦੀ ਗਿਣਤੀ ਚਾਰ ਹੋ ਗਈ ਹੈ ਤੇ ਧਾਰਾ 144 ਲਾ ਦਿੱਤੀ ਗਈ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੋਨਾਵਾਇਰਸ ਮਹਾਮਾਰੀ ਤੇ ਇਸ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਵੀਰਵਾਰ ਰਾਤ ਅੱਠ ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਰੋਨਾਵਾਇਰਸ ਦੇ ਟਾਕਰੇ ਤੇ ਮਹਾਮਾਰੀ ਕਰਕੇ ਬਣੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ।
ਦਿੱਲੀ ’ਚ ਦਸ ਮਾਮਲੇ ਹਨ ਜਿਨ੍ਹਾਂ ਵਿਚ ਇਕ ਵਿਦੇਸ਼ੀ ਨਾਗਰਿਕ ਹੈ। ਜਦਕਿ ਉੱਤਰ ਪ੍ਰਦੇਸ਼ ’ਚ ਇਕ ਵਿਦੇਸ਼ੀ ਸਣੇ ਕਰੋਨਾ ਦੇ 16 ਕੇਸ ਪਾਏ ਗਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 41, ਕੇਰਲ ਵਿਚ 27 ਕੇਸ ਹਨ। ਕਰਨਾਟਕ ਵਿਚ ਕਰੋਨਾ ਦੇ 11 ਮਰੀਜ਼ ਹਨ। ਜੰਮੂ ਕਸ਼ਮੀਰ ਵਿਚ ਤਿੰਨ ਮਾਮਲੇ ਹਨ। ਇਸ ਤੋਂ ਇਲਾਵਾ ਤਿਲੰਗਾਨਾ ’ਚ ਪੰਜ ਕੇਸ ਕਰੋਨਾ ਦੇ ਪਾਜ਼ੇਟਿਵ ਪਾਏ ਗਏ ਹਨ। ਰਾਜਸਥਾਨ ਵਿਚ ਦੋ ਵਿਦੇਸ਼ੀ ਨਾਗਰਿਕਾਂ ਸਣੇ ਚਾਰ ਕੇਸ ਹਨ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਉਤਰਾਖੰਡ ਤੇ ਪੰਜਾਬ ਵਿਚ ਵੀ ਇਕ-ਇਕ ਕੇਸ ਹੈ। ਹਰਿਆਣਾ ’ਚ ਹੁਣ ਤੱਕ 16 ਕੇਸ ਹਨ ਜਿਨ੍ਹਾਂ ਵਿਚ 14 ਵਿਦੇਸ਼ੀ ਹਨ। 15 ਜਣਿਆਂ ਨੂੰ ਹੁਣ ਤੱਕ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ। ਪੀੜਤਾਂ ਦੇ ਸੰਪਰਕ ਵਿਚ ਆਏ 5,700 ਜਣਿਆਂ ਨੂੰ ਕਰੜੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਸਿਹਤ ਟੀਮਾਂ ਨੂੰ ਹਦਾਇਤ ਦਿੱਤੀ ਹੈ ਕਿ ਜਿੱਥੇ ਵੀ ਇਨ੍ਹਾਂ ਵਿਅਕਤੀਆਂ ਨੂੰ ਵੱਖ ਰੱਖਿਆ ਜਾ ਰਿਹਾ ਹੈ, ਉਨ੍ਹਾਂ ਥਾਵਾਂ ’ਤੇ ਸਹੂਲਤਾਂ ਦਾ ਜਾਇਜ਼ਾ ਲਿਆ ਜਾਵੇ ਤੇ ਸਥਿਤੀ ਦੀ ਸਮੀਖ਼ਿਆ ਕੀਤੀ ਜਾਵੇ। ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਨੇ ਸਾਰੇ ਮੈਂਬਰਾਂ ਨੂੰ 31 ਮਾਰਚ ਤੱਕ ਰੈਸਤਰਾਂ ਬੰਦ ਕਰਨ ਲਈ ਕਿਹਾ ਹੈ। ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਕਈ ਰਾਜਾਂ ਦੇ ਸਕੂਲ ਬੰਦ ਹੋਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਮਿੱਡ ਡੇਅ ਮੀਲ ਦੀ ਗ਼ੈਰਮੌਜੂਦਗੀ ਬਾਰੇ ਆਪਣੇ ਪੱਧਰ ’ਤੇ ਹੀ ਨੋਟਿਸ ਲਿਆ ਹੈ। ਇਸ ਬਾਰੇ ਰਾਜਾਂ ਤੇ ਕੇਂਦਰ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਹੈ ਕਿ ਬੱਚਿਆਂ ਨੂੰ ਮਿੱਡ-ਡੇਅ ਮੀਲ ਕਿਵੇਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਰੋਨਾਵਾਇਰਸ ਕਰਕੇ ਸੁਪਰੀਮ ਕੋਰਟ ’ਚ ਵੀਰਵਾਰ ਤੋਂ ਸਿਰਫ਼ ਪੰਜ ਬੈਂਚ ਹੀ ਕੰਮ ਕਰਨਗੇ। ਸਿਰਫ਼ ਸੂਚੀਬੱਧ ਕੀਤੇ ਗਏ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ।

Radio Mirchi